ਲੁਧਿਆਣਾ: ਬੀਤੇ ਦਿਨ ਪੰਜਾਬ ਭਰ ਵਿੱਚ ਟਰਾਂਸਪੋਰਟਰਾਂ ਵੱਲੋਂ ਡਰਾਈਵਰਾਂ ਖਿਲਾਫ ਬਣਾਏ ਕਨੂੰਨਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਪੈਟਰੋਲ ਪੰਪਾਂ ਉਪਰ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਬੇਸ਼ੱਕ ਕੇਂਦਰ ਵੱਲੋਂ ਕਾਨੂੰਨ ਨਾ ਬਣਾਏ ਜਾਣ ਨੂੰ ਲੈ ਕੇ ਕਿਹਾ ਗਿਆ ਹੈ ਤੇ ਹੜਤਾਲ ਵਾਪਸ ਲੈ ਲਈ ਗਈ ਹੈ ਪਰ ਅੱਜ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਖਿਲਾਫ ਦੋ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਜਲਦਬਾਜ਼ੀ 'ਚ ਬਣਾਏ ਗਏ ਕਾਨੂੰਨ: ਇਸ ਦੌਰਾਨ ਬੱਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਤਿਆਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਵੀ ਇਸ 'ਤੇ ਮੋਹਰ ਲਗਾ ਦਿੱਤੀ ਗਈ ਹੈ। ਜਦੋਂ ਕਿ ਬੀਤੇ ਦਿਨ ਹੋਈ ਬੈਠਕ ਦੇ ਵਿੱਚ ਉਹ ਕਹਿ ਰਹੇ ਨੇ ਕਿ ਫਿਲਹਾਲ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਸਿਰਫ ਟਰੱਕ ਡਰਾਈਵਰਾਂ ਦੇ ਲਈ ਹੀ ਨਹੀਂ ਹਨ, ਸਗੋਂ ਇਹ ਬੱਸ ਡਰਾਈਵਰਾਂ ਦੇ ਲਈ ਵੀ ਕਾਨੂੰਨ ਲਾਗੂ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਜਲਦਬਾਜ਼ੀ ਦੇ ਵਿੱਚ ਬਣਾਏ ਗਏ ਕਾਨੂੰਨ ਹਨ, ਜਿਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਇਸ ਦਾ ਬੱਸ ਚਾਲਕਾਂ ਨੂੰ ਵੀ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੇ ਇਹ ਮਸੋਦਾ ਤਿਆਰ ਕੀਤਾ ਹੈ ਅਤੇ ਉਸ 'ਤੇ ਬਿਨਾਂ ਵਿਚਾਰ ਕੀਤੇ ਮੋਹਰ ਲਗਾ ਦਿੱਤੀ ਗਈ ਹੈ।
ਬੱਸ ਚਾਲਕਾਂ ਵਲੋਂ ਸੰਗਰਸ਼ ਦੀ ਚਿਤਾਵਨੀ: ਰੋਡਵੇਜ਼ ਮੁਲਾਜ਼ਮ ਯੂਨੀਅਨਾਂ ਨੇ ਕਿਹਾ ਕਿ ਜੇਕਰ ਇਸ ਸਬੰਧੀ ਸਰਕਾਰ ਨੇ ਜਲਦ ਹੀ ਕੋਈ ਫੈਸਲਾ ਨਹੀਂ ਲਿਆ ਤਾਂ ਉਹਨਾਂ ਵੱਲੋਂ ਵੀ ਰੋਡਵੇਜ਼ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸੇ ਵੀ ਸੂਰਤ ਦੇ ਵਿੱਚ ਉਹ ਲਾਗੂ ਨਹੀਂ ਹੋਣ ਦੇਣਗੇ। ਅੱਜ ਉਹਨਾਂ ਵੱਲੋਂ ਸੰਕੇਤਿਕ ਤੌਰ 'ਤੇ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਸਬੰਧੀ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਬੱਸਾਂ ਖੜੀਆਂ ਕਰ ਦੇਣਗੇ।