ਲੁਧਿਆਣਾ: 26 ਜਨਵਰੀ ਨੂੰ ਦਿੱਲੀ ਦੇ ਬਾਰਡਰਾਂ 'ਤੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਪੰਜਾਬ ਭਰ 'ਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸੂਬੇ ਦੇ ਵੱਖ-ਵੱਖ ਪਿੰਡਾਂ 'ਚ ਹਰ ਕੋਈ ਅੰਦੋਲਨ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਲੁਧਿਆਣਾ ਦੇ ਹਲਕਾ ਗਿੱਲ ਦੇ ਪਿੰਡ ਬੁਲਾਰਾ ਤੋਂ ਵੀ ਟਰੈਕਟਰ ਪਰੇਡ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਪਿੰਡ ਤੋਂ ਰਵਾਨਾ ਹੋਣ ਵਾਲੇ ਟਰੈਕਟਰਾਂ ਦੇ ਜੱਥੇ ਦੀ ਅਗਵਾਈ ਮਨਦੀਪ ਕੌਰ ਖ਼ਾਲਸਾ ਕਰੇਗੀ ਅਤੇ ਉਹ ਖੁਦ ਟਰੈਕਟਰ ਚਲਾਏਗੀ।
ਟਰੈਕਟਰ ਰੈਲੀ ਦੀ ਅਗਵਾਈ ਕਰ ਰਹੀ ਮਨਦੀਪ ਕੌਰ ਖਾਲਸਾ ਨੇ ਕਿਹਾ ਕਿ ਉਸ ਨੂੰ ਟਰੈਕਟਰ ਦੀ ਸਿਖਲਾਈ ਉਸ ਦੇ ਭਰਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦੀ ਨਹੀਂ ਹੈ, ਇਹ ਹਰ ਕਿਸੇ ਵਿਅਕਤੀ ਦਾ ਅੰਦੋਲਨ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਤਰੀਕ ਨੂੰ ਟਰੈਕਟਰ ਪਰੇਡ ਦਾ ਹਿੱਸਾ ਬਣਨ ਲਈ ਦਿੱਲੀ ਪਹੁੰਚਣ ਤਾਂ ਕਿ ਇਸ ਅੰਦੋਲਨ ਨੂੰ ਸਫਲ ਬਣਾਇਆ ਜਾ ਸਕੇ।
ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂਂ ਵਿਰੁੱਧ ਉਹ ਪਹਿਲਾਂ ਤੋਂ ਹੀ ਸ਼ੰਘਰਸ਼ ਕਰ ਰਹੇ ਹਨ। ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਉਹ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਲਈ ਪਿੰਡ ਵਿੱਚੋਂ ਵੱਧ ਤੋਂ ਵੱਧ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। 50 ਟਰੈਕਟਰਾਂ ਦਾ ਜੱਥਾ ਇਸ ਪਿੰਡ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ, ਜਿਸ ਵਿੱਚ ਹਰ ਵਰਗ ਦੇ ਲੋਕ ਹਿੱਸਾ ਲੈਣਗੇ। ਉਨ੍ਹਾਂ ਨੇ ਬਾਕੀ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਉਹ ਕਿਸਾਨ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ।