ਲੁਧਿਆਣਾ: ਸ਼ਹਿਰ ਦੇ ਬਸਤੀ ਜੋਧੇਵਾਲ ਅਧੀਨ ਪੈਂਦੇ ਵਾਰਡ ਨੰਬਰ ਤਿੰਨ 'ਚ ਪੋਸਟਰ ਵਿਵਾਦ ਛਿੜਿਆ ਹੈ, ਭਾਜਪਾ ਵੱਲੋਂ 23 ਜਨਵਰੀ ਨੂੰ ਅਯੋਧਿਆ ਵਿਖੇ ਉਦਘਾਟਨ ਕੀਤਾ ਜਾਣਾ ਹੈ। ਜਿੱਥੇ ਜਾਣ ਲਈ ਭਾਜਪਾ ਨੇ ਮੁਫ਼ਤ ਯਾਤਰਾ ਸਬੰਧੀ ਪੋਸਟਰ ਇਲਾਕੇ 'ਚ ਲਗਵਾਏ ਸਨ ਪਰ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਲਾਕੇ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਪਾੜ ਦਿੱਤਾ ਗਿਆ। ਹਾਲਾਂਕਿ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਭਾਜਪਾ ਆਗੂਆਂ ਅਤੇ ਹਿੰਦੂ ਸੰਗਠਨਾਂ ਨੇ ਇਸ ਨੂੰ ਲੈ ਕੇ ਥਾਣਾ ਬਸਤੀ ਜੋਧੇਵਾਲ ਵਿਖੇ ਸ਼ਿਕਾਇਤ ਦਿੱਤੀ ਹੈ ਅਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਧੀ ਰਾਤ ਨੂੰ ਪਾੜੇ ਪੋਸਟਰ: ਇਸ ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦਿਖਾਈ ਦਿੰਦਾ ਕਿ ਕਾਰ 'ਚ ਸਵਾਰ ਹੋ ਕੇ ਕੁਝ ਨੌਜਵਾਨ ਆਉਂਦੇ ਹਨ ਅਤੇ ਇਲਾਕੇ ਦੇ ਵਿੱਚ ਲੱਗੇ ਇਹਨਾਂ ਪੋਸਟਰਾਂ ਨੂੰ ਪਾੜ ਦਿੰਦੇ ਹਨ, ਮੂੰਹ 'ਤੇ ਉਨ੍ਹਾਂ ਨੇ ਰੁਮਾਲ ਬੰਨਿਆ ਹੋਇਆ ਸੀ। ਪੁਲਿਸ ਉਸ ਦੀ ਸ਼ਨਾਖਤ ਕਰ ਰਹੀ ਹੈ, ਜਿਨਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਹੈ। ਇਹਨਾਂ ਪੋਸਟਾਂ ਦੇ ਉੱਤੇ ਭਗਵਾਨ ਦੀ ਤਸਵੀਰ ਵੀ ਲੱਗੀ ਹੋਈ ਸੀ, ਜਿਸ ਕਰਕੇ ਹਿੰਦੂ ਜਥੇਬੰਦੀਆਂ ਦੀ ਭਾਵਨਾਵਾਂ ਨੂੰ ਵੀ ਠੇਸ ਲੱਗੀ ਹੈ, ਜਿਸ ਦੇ ਕਰਕੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਪੋਸਟਰ ਰਜਿਸਟਰੇਸ਼ਨ ਕਰਵਾਉਣ ਲਈ ਪੂਰੇ ਲੁਧਿਆਣਾ ਦੇ ਨਾਲ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਲਗਵਾਏ ਗਏ ਹਨ।
ਪੁਲਿਸ ਕੋਲ ਹਿੰਦੂ ਸੰਗਠਨਾਂ ਨੇ ਦਿੱਤੀ ਸ਼ਿਕਾਇਤ: ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਜਿਸ ਕਰਕੇ ਉਹਨਾਂ ਨੇ ਪੁਲਿਸ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਦੇ ਆਗੂਆਂ ਨੇ ਕਿਹਾ ਕਿ ਅਸੀਂ 23 ਜਨਵਰੀ ਨੂੰ ਟ੍ਰੇਨਾਂ ਭਰ ਕੇ ਲੁਧਿਆਣਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾਣਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਅਯੋਧਿਆ ਦੇ ਅੰਦਰ ਲੋਕਾਂ ਦਾ ਇਕੱਠ ਹੋ ਰਿਹਾ ਹੈ ਕਿਉਂਕਿ ਇਹ ਹਿੰਦੂ ਭਾਈਚਾਰੇ ਦਾ ਇੱਕ ਬਹੁਤ ਵੱਡਾ ਸਮਾਗਮ ਹੈ ਪਰ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਪੋਸਟਰ ਪਾੜ ਦੇਣਾ ਸਹੀ ਨਹੀਂ ਹੈ। ਇਸ ਸਬੰਧੀ ਪੁਲਿਸ ਨੂੰ ਡੁੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਅਜਿਹਾ ਕਰਨ ਪਿੱਛੇ ਉਹਨਾਂ ਲੋਕਾਂ ਦੀ ਮਨਸ਼ਾ ਕੀ ਸੀ ਇਸ ਦਾ ਵੀ ਖੁਲਾਸਾ ਕਰਨਾ ਚਾਹੀਦਾ ਹੈ।
ਪੁਲਿਸ ਨੇ ਆਖੀ ਜਾਂਚ ਦੀ ਗੱਲ: ਹਾਲਾਂਕਿ ਉਧਰ ਦੂਜੇ ਪਾਸੇ ਥਾਣਾ ਬਸਤੀ ਜੋਧੇਵਾਲ ਦੇ ਇੰਚਾਰਜ ਗੁਰਮੁਖ ਸਿੰਘ ਦਿਓਲ ਨੇ ਕਿਹਾ ਹੈ ਕਿ ਉਹਨਾਂ ਕੋਲ ਕੁਝ ਜਥੇਬੰਦੀਆਂ ਦੇ ਆਗੂ ਸ਼ਿਕਾਇਤ ਲੈ ਕੇ ਆਏ ਸਨ। ਉਹਨਾਂ ਨੇ ਇਹ ਸ਼ਿਕਾਇਤ ਮਾਰਕ ਕਰ ਦਿੱਤੀ ਹੈ ਅਤੇ ਤਫਤੀਸ਼ ਅਫਸਰ ਇਸ ਸਬੰਧੀ ਮੌਕੇ 'ਤੇ ਜਾ ਕੇ ਪੂਰੀ ਗੱਲ ਦਾ ਜਾਇਜ਼ਾ ਲਵੇਗਾ ਅਤੇ ਜੋ ਵੀ ਕੋਈ ਕਾਰਵਾਈ ਕਰਨ ਲਾਇਕ ਜੇਕਰ ਗੱਲ ਨਿਕਲੀ ਤਾਂ ਜਰੂਰ ਕਾਰਵਾਈ ਕੀਤੀ ਜਾਵੇਗੀ।