ਲੁਧਿਆਣਾ: ਸ਼ਹਿਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗ ਚੁੱਕੇ ਹਨ। ਪੋਸਟਰ ਵਿੱਚ ਲਿਖਿਆ ਕਿ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਨਵਜੋਤ ਸਿੰਘ ਸਿੱਧੂ। ਇਸ ਪੋਸਟਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦੀ ਵੀ ਤਸਵੀਰ ਲੱਗੀ ਹੈ। ਨਵਜੋਤ ਸਿੱਧੂ ਦੀ ਰਿਹਾਈ ਦੇ ਸਸਪੈਂਸ ਵਿਚਾਲੇ ਹੀ ਸਿੱਧੂ ਦੇ ਹੋਰਡਿੰਗ ਸ਼ਹਿਰ ਵਿੱਚ ਲੱਗੇ ਹੋਏ ਦਿਖਾਈ ਦਿੱਤੇ ਗਏ ਹਨ।
ਸਿੱਧੂ ਦੀ ਰਿਹਾਈ 'ਤੇ ਫਿਲਹਾਲ ਸਸਪੈਂਸ ਬਰਕਰਾਰ : ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ 'ਤੇ ਫਿਲਹਾਲ ਸਸਪੈਂਸ ਬਰਕਰਾਰ ਹੈ। ਜੇਲ੍ਹ ਵਿਭਾਗ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ 52 ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ।
ਨਿਯਮਾਂ ਮੁਤਾਬਕ ਇਸ ਤਜਵੀਜ਼ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣੀ ਹੁੰਦੀ ਹੈ, ਉਸ ਤੋਂ ਬਾਅਦ ਰਾਜਪਾਲ ਵੱਲੋਂ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਪਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 1 ਫ਼ਰਵਰੀ ਨੂੰ ਸੱਦੀ ਹੈ। ਸੋ, 26 ਜਨਵਰੀ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਵੇਗੀ ਅਤੇ ਜੇਲ੍ਹ ਵਿਭਾਗ ਵੱਲੋਂ ਤਿਆਰ ਕੀਤੀ ਤਜਵੀਜ਼ ਧਰੀ ਰਹਿ ਗਈ ਹੈ।
ਸੀਐਮ ਦੇ ਭਾਸ਼ਣ 'ਚ ਬਣ ਸਕਦੀ ਗੱਲ ! : ਜੇਕਰ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਦੇ ਭਾਸ਼ਣ ਵਿੱਚ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕਰਦੇ ਹਨ, ਤਾਂ ਨਵਜੋਤ ਸਿੱਧੂ ਦੀ ਰਿਹਾਈ 27 ਜਾਂ 28 ਫ਼ਰਵਰੀ ਨੂੰ ਸੰਭਵ ਹੋ ਸਕੇਗੀ।
ਸਿੱਧੂ ਨੂੰ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ: 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਤਿਰੰਗਾ ਯਾਤਰਾ ਵੀ ਸੰਪੰਨ ਹੋਣ ਜਾ ਰਹੀ ਹੈ। ਇਸ ਵਿੱਚ ਨਵਜੋਤ ਸਿੱਧੂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾ ਦੀ ਧਰਮ ਪਤਨੀ ਨਵਜੋਤ ਕੌਰ ਪੰਜਾਬ ਵਿੱਚ ਯਾਤਰਾ ਪਹੁੰਚਣ ਉੱਤੇ ਰਾਹੁਲ ਗਾਂਧੀ ਨਾਲ ਇਸ ਯਾਤਰਾ ਵਿੱਚ ਸ਼ਾਮਿਲ ਹੋਈ ਸੀ। ਹੁਣ 26 ਨੂੰ ਜੇਕਰ ਰਿਹਾਈ ਹੁੰਦੀ ਹੈ, ਤਾਂ ਨਵਜੋਤ ਸਿੱਧੂ ਇਸ ਯਾਤਰਾ ਦੇ ਅੰਤਿਮ ਦਿਨ ਸ਼ਾਮਿਲ ਹੋਣਗੇ ਜਾਂ ਨਹੀਂ ਇਸ ਉੱਤੇ ਵੀ ਸਸਪੇਂਸ ਬਰਕਰਾਰ ਹੈ।
ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸ 'ਚ ਜਸ਼ਨ: ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸ ਵਿੱਚ ਜਸ਼ਨ ਦਾ ਮਾਹੌਲ ਹੈ। ਸਿੱਧੂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਰਿਹਾਈ ਮਗਰੋਂ ਸਿੱਧੂ ਦਾ ਸਵਾਗਤ ਧੂਮਧਾਮ ਨਾਲ ਕੀਤਾ ਜਾਵੇਗਾ। ਇਹ ਵੀ ਚਰਚਾਵਾਂ ਹਨ ਕਿ ਸਿੱਧੂ ਨੂੰ ਕਾਂਗਰਸ ਹਾਈਕਮਾਨ ਖਾਸ ਤੌਰ ਉੱਤੇ ਸੋਨੀਆ ਗਾਂਧੀ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਫਿਲਹਾਲ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਫੈਸਲੇ ਉੱਤੇ ਨਜ਼ਰ ਬਣੀ ਹੋਈ ਹੈ।
ਰੋਡ ਰੇਜ਼ ਮਾਮਲੇ ਵਿੱਚ ਸਿੱਧੂ ਨੂੰ ਹੋਈ ਸਜ਼ਾ: ਜ਼ਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।
ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ: ਸਾਲ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਕੇਸ ਪੁਰਾਣਾ ਹੋਣ ਅਤੇ ਹੋਰ ਕਈ ਕਾਰਨ ਦੇ ਚੱਲਦੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸਦੇ ਨਾਲ ਹੀ ਇੱਕ ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਗਾ ਕੇ ਜ਼ਮਾਨਤ ਦੇ ਦਿੱਤੀ ਸੀ। ਓਧਰ ਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰ ਦਾ ਸਿੱਧੂ ਨੂੰ ਮਿਲੀ ਸਜ਼ਾ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਮੁਲਜ਼ਮ ਨੂੰ ਸਜ਼ਾ ਦਿਵਾਉਣ ਵਿੱਚ ਸਫਲ ਰਹੇ ਹਨ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ ਲਈ ਕਿਵੇਂ ਕੀਤੀ ਜਾਂਦੀ ਹੈ ਝਾਕੀ ਦੀ ਚੋਣ ? ਜਾਣੋ, ਪੂਰੀ ਪ੍ਰਕਿਰਿਆ