ਲੁਧਿਆਣਾ: ਆਮ ਹੀ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਸ਼ਮਸ਼ਾਨਘਾਟ ਅੰਦਰ ਨਹੀਂ ਜਾ ਸਕਦੀਆਂ। ਹਾਲਾਂਕਿ ਬਹੁਤਿਆਂ ਇਸਦੀ ਵਜ੍ਹਾ ਵੀ ਨਹੀਂ ਪਤਾ ਹੋਣੀ। ਪਰ ਲੁਧਿਆਣਾ ਦੀ ਰਹਿਣ ਵਾਲੀ ਪੂਨਮ ਦੀ ਕਹਾਣੀ ਇਸੇ ਮਿਥ ਨੂੰ ਤੋੜਦੀ ਹੈ। ਪੂਨਮ ਦੇ ਹੌਸਲੇ ਨੂੰ ਇਸ ਲਈ ਵੀ ਦਾਦ ਦੇਣੀ ਬਣਦੀ ਹੈ ਕਿ ਪੂਨਮ ਨੇ ਹੁਣ ਤੱਕ 100 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਸਸਕਾਰ ਆਪਣੇ ਹੱਥੀ ਕੀਤਾ ਹੈ ਤੇ ਇਹ ਸਲਸਿਲਾ ਲਗਾਤਾਰ ਜਾਰੀ ਹੈ।
ਇਕ ਹਾਦਸੇ ਨੇ ਬਦਲੀ ਸੋਚ: ਲੁਧਿਆਣਾ ਦੀ ਪੂਨਮ ਪਠਾਣੀਆਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਤਾਂ ਕਰਦੀ ਹੀ ਹੈ, ਇਸਦੇ ਨਾਲ ਨਾਲ ਉਹ ਆਪਣੀ ਰੋਜ਼ੀ ਰੋਟੀ ਲਈ ਮਿਹਨਤ ਕਰਦੀ ਹੈ ਤੇ ਲੜਕੀਆਂ ਨੂੰ ਸੈਲਫ ਡਿਫੈਂਸ ਦੀ ਸਿਖਲਾਈ ਦਿੰਦੀ ਹੈ। ਪੂਨਮ ਹੁਣ ਤੱਕ ਸੌ ਤੋਂ ਵੱਧ ਲਵਾਰਿਸ ਲਾਸ਼ਾਂ ਦਾ ਸਸਕਾਰ ਕਰ ਚੁੱਕੀ ਹੈ। ਇਸ ਲਈ ਉਸਨੇ ਖਰਚਾ ਵੀ ਆਪਣੀ ਹੀ ਜੇਬ੍ਹ ਚੋਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਉਹ ਕਿਸੇ ਸਮਾਜ ਸੇਵੀ ਸੰਸਥਾ ਦੀ ਮਦਦ ਨਹੀਂ ਲੈਂਦੀ, ਉਸਦੇ ਨਾਲ ਇੱਕ ਹਾਦਸਾ ਵਾਪਰਿਆ ਸੀ, ਜਿਸ ਤੋਂ ਬਾਅਦ ਉਸ ਨੇ ਸਮਾਜ ਸੇਵਾ ਸ਼ੁਰੂ ਕੀਤੀ ਅਤੇ ਲੋਕਾਂ ਦਾ ਦੁੱਖ ਦਰਦ ਵੀ ਸਮਝਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿੰਨੇ ਵੀ ਉਪਰਾਲੇ ਹੁੰਦੇ ਨੇ ਉਹ ਜ਼ਰੂਰ ਕਰਦੀ ਹੈ। ਇਸ ਤੋਂ ਇਲਾਵਾ ਖੂਨਦਾਨ ਕੈਂਪ ਵੀ ਲਗਾਉਂਦੀ ਹੈ।
ਵ੍ਹੀਲ ਚੇਅਰ ਤੋਂ ਜਿਮ ਤੱਕ ਦਾ ਸਫ਼ਰ: ਪੂਨਮ ਨੇ ਦੱਸਿਆ ਕਿ 2019 ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਵਿੱਚ ਉਸ ਦੀ ਲੱਤ ਦੇ ਦੋ ਟੁਕੜੇ ਹੋ ਗਏ। ਉਸ ਨੂੰ ਡਾਕਟਰਾਂ ਨੇ ਲੱਤ ਕੱਟਣ ਤੱਕ ਕਹਿ ਦਿੱਤਾ ਸੀ ਪਰ ਉਸ ਨੇ ਲੱਤ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਤਿੰਨ ਤੋਂ ਚਾਰ ਸਰਜਰੀਆਂ ਤੋਂ ਬਾਅਦ ਉਹ ਵ੍ਹੀਲ ਚੇਅਰ ਤੇ ਆ ਗਈ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਫਿਰ ਉਸ ਨੇ ਜਿਮ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਪੈਰਾਂ ਉੱਤੇ ਖੜੀ ਹੋ ਗਈ।
ਇਹ ਵੀ ਪੜ੍ਹੋ: Bank Loot in Sangrur: ਬੈਂਕ ਦਾ ਸਾਬਕਾ ਤੇ ਮੌਜੂਦਾ ਮੁਲਾਜ਼ਮ ਨਿਕਲਿਆ ਲੁਟੇਰਾ, ਸਰਪੰਚ ਵੀ ਆਇਆ ਕਾਬੂ
ਕੋਵਿਡ ਦੌਰਾਨ ਸ਼ੁਰੂ ਹੋਇਆ ਸਸਕਾਰਾਂ ਦਾ ਸਿਲਸਿਲਾ: ਪੂਨਮ ਨੇ ਦੱਸਿਆ ਕਿ ਉਸ ਨੇ ਕੋਵਿਡ ਦੌਰਾਨ ਲਵਾਰਿਸ ਲਾਸ਼ਾਂ ਦੇ ਸਸਕਾਰ ਸ਼ੁਰੂ ਕੀਤੇ ਸਨ। ਉਹਨਾਂ ਦੱਸਿਆ ਕਿ ਮੇਰੇ ਜਿਮ ਵਿੱਚ ਆਉਣ ਵਾਲੀ ਇਕ ਲੜਕੀ ਦੇ ਪਿਤਾ ਦੀ ਮੌਤ ਹੋ ਗਈ ਸੀ। ਸਭ ਤੋਂ ਪਹਿਲਾਂ ਉਨ੍ਹਾਂ ਦਾ ਸਸਕਾਰ ਕਰਨ ਲਈ ਉਹ ਸ਼ਮਸ਼ਾਨ-ਭੂਮੀ ਪਹੁੰਚੀ, ਜਿਸ ਤੋਂ ਬਾਅਦ ਉਸਨੇ ਵੇਖਿਆ ਕਿ ਕਿੰਨੀਆਂ ਹੀ ਲਵਾਰਿਸ ਲਾਸ਼ਾਂ ਹਨ, ਜਿਨ੍ਹਾਂ ਦਾ ਕੋਈ ਸਸਕਾਰ ਨਹੀਂ ਕਰਦਾ। ਜਿਸ ਤੋਂ ਬਾਅਦ ਉਸਨੇ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਸ਼ੁਰੂ ਕੀਤਾ ਅਤੇ ਹਰ ਮਹੀਨੇ ਆਪਣੇ ਖਰਚੇ ਤੇ 3 ਤੋਂ 4 ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸਦੇ ਜਿਮ ਵਿੱਚ ਆਉਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਵੀ ਇਸ ਸੇਵਾ ਵਿੱਚ ਉਸਦੀ ਮਦਦ ਕਰਦੇ ਹਨ।
ਲੜਕੀਆਂ ਨੂੰ ਸੈਲਫ਼ ਡਿਫੈਂਸ ਦੀ ਸਿੱਖਿਆ: ਪੂਨਮ ਲੜਕੀਆਂ ਨੂੰ ਸਿਰਫ ਡਿਫੈਂਸ ਦੀ ਟ੍ਰੇਨਿੰਗ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਲੇਬਰ ਇਲਾਕੇ ਵਿੱਚ ਜਿਮ ਚਲਾਉਂਦੀ ਹੈ ਅਤੇ ਜ਼ਿਆਦਾਤਰ ਉਸ ਕੋਲ ਲੇਬਰ ਤਬਕੇ ਨਾਲ ਸੰਬੰਧਤ ਨੌਜਵਾਨ ਅਤੇ ਲੜਕੀਆਂ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਸ ਕੋਲ 30 ਦੇ ਕਰੀਬ ਅਜਿਹੀਆਂ ਲੜਕੀਆਂ ਹਨ ਜਿਨ੍ਹਾਂ ਨੂੰ ਉਹ ਸੈਲਫ ਡਿਫੈਂਸ ਸਿਖਾਉਂਦੀ ਹੈ ਕਿਉਂਕਿ ਲੜਕੀਆਂ ਵਿੱਚ ਇਹ ਕਲਾ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਦਾ ਸਮਾਂ ਅਜਿਹਾ ਹੈ ਕਿ ਲੜਕੀਆਂ ਨੂੰ ਵੀ ਜਿਮ ਆਉਣਾ ਚਾਹੀਦਾ ਹੈ ਅਤੇ ਆਪਣੀ ਫਿਟਨੈਸ ਦਾ ਧਿਆਨ ਰੱਖਣਾ ਚਾਹੀਦਾ ਹੈ।
ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ: ਪੂਨਮ ਪਠਾਣੀਆਂ ਸਮਾਜ ਸੇਵਾ ਦੇ ਨਾਲ ਲੜਕੀਆਂ ਨੂੰ ਆਤਮਰੱਖਿਆ ਦੀ ਸਿਖਲਾਈ ਦਿੰਦੀ ਹੈ ਅਤੇ ਨਾਲ ਹੀ ਉਸ ਵੱਲੋਂ ਸਕੂਲਾਂ ਚ ਵੀ ਕੈਂਪ ਲਗਾਏ ਜਾਂਦੇ ਨੇ ਇੰਨਾ ਹੀ ਨਹੀਂ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਪ੍ਰੇਰਿਤ ਕਰਦੀ ਹੈ। ਪੂਨਮ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਅਤੇ ਚੰਗੇ ਕੰਮਾਂ ਵੱਲ ਲਾਉਣਾ ਹੈ ਤਾਂ ਇਸ ਦਾ ਸਭ ਤੋਂ ਉਪਯੋਗੀ ਸਾਧਨ ਜਿਮ ਹੀ ਹੈ ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰ ਸਾਡੀਆਂ ਸਰਕਾਰਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਵੱਲੋਂ ਜਿੰਮ ਦੀ ਥਾਂ ਠੇਕਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।