ਲੁਧਿਆਣਾ: ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਸ੍ਰੀ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਨੇ ਅਤੇ 22 ਜਨਵਰੀ ਨੂੰ ਪੂਰਾ ਦੇਸ਼ ਉਦਘਾਟਨ ਨੂੰ ਲੈ ਕੇ ਪੱਬਾ ਭਾਰ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਤੇ ਲਗਾਤਾਰ ਸਿਆਸਤ ਵੀ ਗਰਮਾਉਂਦੀ ਜਾ ਰਹੀ ਹੈ। ਕਾਂਗਰਸ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਹ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ।
ਅਕਾਲੀ ਦਲ ਨੂੰ ਨਹੀਂ ਆਇਆ ਸੱਦਾ: ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਪੱਖ ਰੱਖਿਆ ਹੈ ਅਤੇ ਕਿਹਾ ਹੈ ਕਿ ਫਿਲਹਾਲ ਸਾਨੂੰ ਕੋਈ ਸੱਦਾ ਨਹੀਂ ਆਇਆ ਹੈ। ਉਹਨਾਂ ਨੇ ਨਾਲ ਹੀ ਕਾਂਗਰਸ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਣ 'ਤੇ ਵੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ, ਸੀਨੀਅਰ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਦੀ ਲੋੜ ਨਹੀਂ ਸੀ, ਕਿਉਂਕਿ ਕਾਂਗਰਸ ਆਪਣੇ ਆਪ ਨੂੰ ਸੈਕੂਲਰ ਪਾਰਟੀ ਦੱਸਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਲੋੜ ਸੀ।
ਰਾਮ ਮੰਦਿਰ 'ਤੇ ਨਹੀਂ ਕਰਨੀ ਚਾਹੀਦੀ ਸਿਆਸਤ: ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀ ਇੰਡੀਆ ਗਠਜੋੜ 'ਚ ਭਾਈਵਲ ਪਾਰਟੀ ਬਣੀ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਗਵਾਨ ਸ਼੍ਰੀ ਰਾਮ 'ਤੇ ਜਾਂ ਫਿਰ ਇਸ ਮੁੱਦੇ 'ਤੇ ਸਿਆਸਤ ਦੀ ਲੋੜ ਨਹੀਂ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਅਯੋਧਿਆ ਅਸੀਂ ਸਾਰੀ ਉਮਰ ਜਾਣਾ ਹੈ, ਅਸੀਂ ਹਮੇਸ਼ਾ ਹੀ ਉੱਥੇ ਜਾਂਦੇ ਰਹਾਂਗੇ ਪਰ ਮੰਦਰ ਤਿਆਰ ਹੋਣ ਤੋਂ ਪਹਿਲਾਂ 2024 ਚੋਣਾਂ ਤੋਂ ਪਹਿਲਾਂ ਇਸ ਤਰਾਂ ਬਿਨਾਂ ਤਿਆਰ ਹੋਏ ਮੰਦਰ ਦਾ ਉਦਘਾਟਨ ਕਰਨਾ ਵੀ ਸਹੀ ਨਹੀਂ ਹੈ। ਉਹਨਾਂ ਕਿਹਾ ਹਾਲਾਂਕਿ ਸਾਡੇ ਲਈ ਉਹ ਪੂਜਨੀ ਹੈ, ਸਾਡੇ ਸਾਰੀ ਉਮਰ ਲਈ ਅਸੀਂ ਉਥੇ ਦਰਸ਼ਨ ਕਰਨ ਜਾਂਦੇ ਰਹਾਂਗੇ ਪਰ ਇਸ ਮੌਕੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ ਸੀ।