ਲੁਧਿਆਣਾ: ਕਰਾਈਮ ਬਰਾਂਚ ਦੀ ਟੀਮ ਨੇ ਅੱਜ ਛਾਪੇਮਾਰੀ ਕਰਕੇ ਆਲਮਗੀਰ ਰੋਡ ਤੋਂ ਇੱਕ ਗੋਦਾਮ 'ਚ ਪਈ ਨਾਜਾਇਜ਼ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕੀਤੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 300 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਟੀਮ ਨੇ ਇੱਕ ਜਾਅਲੀ ਨੰਬਰ ਪਲੇਟ ਦਾ ਛੋਟਾ ਹਾਥੀ ਵੀ ਕਬਜ਼ੇ 'ਚ ਲਿਆ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਿਹਾ ਕਿ ਹਾਲਾਂਕਿ ਮੁਲਜ਼ਮ ਭੱਜਣ 'ਚ ਕਾਮਯਾਬ ਰਹੇ ਪਰ ਸ਼ਰਾਬ ਦੀ ਵੱਡੀ ਖੇਪ ਦੀ ਬਰਾਮਦਗੀ ਜ਼ਰੂਰ ਹੋਈ ਹੈ।
ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪ੍ਰਵੀਨ ਰਣਦੇਵ ਨੇ ਦੱਸਿਆ ਕਿ ਫ਼ਰਾਰ ਹੋਏ ਮੁਲਜ਼ਮਾਂ ਦੀ ਪਹਿਚਾਣ ਸੁਖਦੀਪ ਸਿੰਘ ਸੁੱਖਾ ਅਤੇ ਮਨਦੀਪ ਉਰਫ਼ ਕੀਪਾ ਵਜੋਂ ਹੋਈ ਹੈ ਜਦ ਕਿ ਉਨ੍ਹਾਂ ਨਾਲ ਤਿੰਨ ਹੋਰ ਅਣਪਛਾਤੇ ਮੁਲਜ਼ਮ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੁੱਖਾ ਅਤੇ ਕੀਪਾ ਦੋਵੇਂ ਉੱਤੇ ਪਹਿਲਾਂ ਵੀ ਸ਼ਰਾਬ ਤਸਕਰੀ ਕਰਨ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਵਿੱਚ ਮਾਮਲੇ ਦਰਜ ਹਨ। ਇੱਕ ਮਹੀਨਾ ਪਹਿਲਾਂ ਹੀ ਉਹ ਜੇਲ ਤੋਂ ਜ਼ਮਾਨਤ ਤੇ ਬਾਹਰ ਆਏ ਸਨ। ਉਨਾਂ ਕਿਹਾ ਕਿ ਪੰਜੇ ਮੁਲਜ਼ਮਾਂ ਦੇ ਖਿਲਾਫ ਥਾਣਾ ਡੇਹਲੋਂ 'ਚ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।