ਲੁਧਿਆਣਾ: ਬਲਾਤਕਾਰ ਮਾਮਲੇ 'ਚ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵਲੋਂ ਮੁੜ 2 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਹੈ। ਜਦਕਿ ਇਸ ਮਾਮਲੇ 'ਚ ਸਿਮਰਜੀਤ ਬੈਂਸ ਦੇ ਸਾਥੀ ਮੁਲਜ਼ਮਾਂ ਨੂੰ ਅਦਾਲਤ ਵਲੋਂ ਜੁਡੀਸ਼ੀਆਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਪੀੜਤ ਪੱਖ ਦੇ ਵਕੀਲ ਅਤੇ ਪੁਲਿਸ ਨੇ ਕਿਹਾ ਕਿ ਜੋ ਬਾਕੀ ਸੂਬਿਆਂ 'ਚ ਪੀੜਤਾਂ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਮਾਮਲੇ ਦਰਜ ਕੀਤੇ ਗਏ ਨੇ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਿੱਥੇ ਪੀੜਿਤ ਪੱਖ ਦੇ ਵਕੀਲ ਨੇ ਕਿਹਾ ਕਿ ਸਿਮਰਜੀਤ ਬੈਂਸ ਜਾਂਚ ਵਿਚ ਸਹਯੋਗ ਨਹੀ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਬੈਂਸ ਪੱਖ ਦੇ ਵਕੀਲ ਨੇ ਕਿਹਾ ਹੈ ਕਿ ਸਿਮਰਜੀਤ ਬੈਂਸ ਨੂੰ ਹਰਾਸ ਕੀਤਾ ਜਾ ਰਿਹਾ ਹੈ।
ਪੀੜਿਤ ਪੱਖ ਦੇ ਵਕੀਲ ਨੇ ਕਿਹਾ ਕਿ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ ਅਤੇ ਦੋ ਦਿਨ ਦਾ ਹੀ ਮੰਗਿਆ ਗਿਆ ਸੀ। ਜਦਕਿ ਬਾਕੀ ਸਾਥੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਜਾਂਚ ਵਿੱਚ ਸਹਿਯੋਗ ਕਰਨਾ ਹੁੰਦਾ ਹੈ ਉਹ ਭੱਜਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਜਾ ਰਿਹਾ।
ਦੂਜੇ ਪਾਸੇ ਸਿਮਰਜੀਤ ਬੈਂਸ ਦੇ ਵਕੀਲ ਨੇ ਕਿਹਾ ਹੈ ਕਿ ਸਾਡੇ ਕਲਾਇੰਟ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ 2 ਦਿਨ ਦੇ ਰਿਮਾਂਡ ਦਾ ਕੋਈ ਮਤਲਬ ਨਹੀਂ ਬਣਦਾ ਸੀ। ਉਥੇ ਹੀ ਕਾਲ ਰਿਕਾਰਡਿੰਗ ਨੂੰ ਲੈਕੇ ਸਿਮਰਜੀਤ ਬੈਂਸ ਦੇ ਵੋਇਸ ਸੈਂਪਲ ਪੁਲਿਸ ਨੇ ਲੈਣੇ ਨੇ ਪਰ ਬੈਂਸ ਸਹਿਯੋਗ ਨਹੀਂ ਕਰ ਰਹੇਂ, ਜਿਸ ਕਰਕੇ ਬੈਂਸ ਦਾ 2 ਦਿਨ ਦਾ ਰਿਮਾਂਡ ਹੋਰ ਹਾਸਲ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਬਲਾਤਕਾਰ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਸਮੇਤ ਮਾਮਲੇ 'ਚ ਸ਼ਾਮਲ ਉਸ ਦੇ ਸਾਥੀਆਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਜਿਥੇ ਸਿਮਰਜੀਤ ਬੈਂਸ ਵਲੋਂ ਖੁਦ ਅਦਾਲਤ 'ਚ ਆਤਮ ਸਰਮਪਣ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਵਲੋਂ ਬੈਂਸ ਨੂੰ ਪਹਿਲਾਂ ਤਿੰਨ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਸੀ।
ਇਸ ਤੋਂ ਪਹਿਲਾਂ ਬਲਾਤਕਾਰ ਮਾਮਲੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਆਪਣੇ ਹੋਰ ਚਾਰ ਸਾਥੀਆਂ ਸਮੇਤ ਹਰਸਿਮਰਨਜੀਤ ਕੌਰ ਦੀ ਅਦਾਲਤ ਦੇ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਦੇ 7 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 3 ਦਿਨ ਦੇ ਰਿਮਾਂਡ ‘ਤੇ ਭੇਜਿਆ ਸੀ।
ਉਸ ਦੌਰਾਨ ਸਿਮਰਜੀਤ ਬੈਂਸ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ, ਬਲਾਤਕਾਰ ਸਿਰਫ਼ ਕਾਗਜ਼ਾਂ ਵਿੱਚ ਹੋਇਆ ਹੈ। ਸਿਮਰਜੀਤ ਬੈਂਸ ਨੇ ਕਿਹਾ ਸੀ ਕਿ ਜੋ ਮੈਨੂੰ ਅੱਜ ਫਸਾ ਰਹੇ ਨੇ ਉਹ ਖ਼ੁਦ ਕੁਝ ਦਿਨ ਬਾਅਦ ਆਪਣੇ ਆਪ ਸੱਚਾਈ ਦੱਸਣਗੇ।
ਭਗੌੜਾ ਕਰਾਰ ਦੇ ਲੱਗੇ ਸੀ ਪੋਸਟਰ: ਦੱਸ ਦਈਏ ਕਿ ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਸਣੇ ਮਾਮਲੇ ’ਚ 7 ਮੁਲਜ਼ਮਾਂ ’ਤੇ ਚਾਰਜ਼ ਲਗਾਏ ਸਨ। ਇਸਦੇ ਚੱਲਦੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਪਹਿਲਾਂ ਹੀ ਸਿਮਰਜੀਤ ਬੈਂਸ ਸਣੇ 7 ਨੂੰ ਭਗੌੜਾ ਕਰਾਰ ਦੇ ਚੁੱਕੀ ਸੀ। ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲੰਮੇ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। ਸਿਮਰਜੀਤ ਬੈਂਸ ਤੇ ਹੋਰਨਾਂ ਮੁਲਜ਼ਮਾਂ ਦੇ ਭਗੌੜਾ ਕਰਾਰ ਦੇ ਪੋਸਟਰ ਲੱਗੇ ਸਨ।
ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ: ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਹੈ। ਇਹ ਮਾਮਲਾ ਅਜੇ ਵੀ ਕੋਰਟ ’ਚ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਮਹਿਲਾ ਵੱਲੋਂ ਕਈ ਵਾਰ ਇਨਸਾਫ ਲੈਣ ਦੇ ਲਈ ਧਰਨੇ ਵੀ ਲਗਾਏ ਗਏ ਹਨ। ਪੀੜਤ ਮਹਿਲਾ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਹੀਂ ਰਹੇ ਪੰਜਾਬ ਦੇ ਸਾਬਕਾ ਸਪੀਕਰ ਅਤੇ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ