ਸਮਰਾਲਾ: ਪਿੰਡ ਬਲੀਏਵਾਲ ਵਿਖੇ ਦੋ ਧਿਰਾਂ ਵਿਚਕਾਰ ਹੋ ਰਹੇ ਝਗੜੇ ਨੂੰ ਰੋਕਣ ਗਈ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਅਤੇ ਮੋਟਰਸਾਈਕਲ ਤੇ ਕਾਰ ਦੀ ਭੰਨ ਤੋੜ ਕਰਨ ਉੱਤੇ 15 ਦੋਸ਼ੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਸਹਾਇਕ ਥਾਣੇਦਾਰ ਨੂੰ ਇਲਾਜ ਲਈ ਸਮਰਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਲੀਏਵਾਲ ਵਿੱਚ ਦੋ ਧਿਰਾਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਲੋਕ ਇਕੱਤਰ ਹੋ ਰਹੀਆਂ ਹਨ।
ਜ਼ਖ਼ਮੀ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਰੋਕਣ ਦੇ ਲਈ ਥਾਣੇਦਾਰ ਜਗਜੀਤ ਸਿੰਘ ਦੀ ਪੀ.ਸੀ.ਆਰ ਟੀਮ ਨੂੰ ਮੋਟਰਸਾਈਕਲ ਉੱਤੇ ਭੇਜਿਆ ਗਿਆ। ਜਿੱਥੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਕੇ ਮਾਰ-ਕੁੱਟ ਸ਼ੁਰੂ ਕਰ ਦਿੱਤੀ, ਜਿਸ ਵਿੱਚ ਪੁਲਿਸ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਦੀ ਸੂਚਨਾ ਮਿਲਣ ਉਪਰੰਤ ਮੈਂ ਅਤੇ ਥਾਣੇਦਾਰ ਜਸਵਿੰਦਰ ਸਿੰਘ ਪਹੁੰਚੇ ਤਾਂ ਮੌਕੇ ਉੱਤੇ ਇਕੱਠੇ ਹੋਏ ਲੋਕਾਂ ਨੂੰ ਘਰਾਂ ਨੂੰ ਜਾਣ ਦੇ ਲਈ ਕਿਹਾ, ਪਰ ਇੱਕ ਗੁਰਪ੍ਰੀਤ ਸਿੰਘ ਨਾਂਅ ਦਾ ਵਿਅਕਤੀ ਲੋਕਾਂ ਨੂੰ ਭੜਕਾਉਣ ਲੱਗ ਪਿਆ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਪਿੰਡ ਦੇ ਆਦਮੀਆਂ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਸਨ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਹਮਲੇ ਵਿੱਚ ਉਹ ਕਾਫ਼ੀ ਜ਼ਖ਼ਮੀ ਹੋ ਗਿਆ।
ਮੌਕੇ ਉੱਤੇ ਪਹੁੰਚੇ ਕੁੱਝ ਪਿੰਡ ਵਾਸੀਆ ਨੇ ਸਰਪੰਚ ਦੀ ਮਦਦ ਨਾਲ ਪੁਲਿਸ ਟੀਮ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।
ਜਾਣਕਾਰੀ ਮੁਤਾਬਕ ਥਾਣੇ ਦੇ ਹੀ ਮੁਲਾਜ਼ਮ ਬਲਦੇਵ ਸਿੰਘ ਦੀ ਸ਼ਿਕਾਇਤ ਉੱਤੇ ਸੰਨੀ ਕੁਮਾਰ, ਜੱਸੀ, ਭਜਨ ਕੌਰ, ਕੁਲਵਿੰਦਰ ਕੌਰ, ਬਿਸ਼ਨ ਦਾਸ ਅਤੇ ਪੂਜਾ ਦੀ ਪਹਿਚਾਣ ਕਰ ਲਈ ਹੈ, ਜਦੋਂ ਕਿ ਬਾਕੀ ਅਜੇ ਨਾਮਾਲੂਮ ਹਨ। ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਪਿਛਲੇ ਸਮੇਂ ਤੋਂ ਹੀ ਧੜੇਬੰਦੀ ਚਲੀ ਆ ਰਹੀ ਹੈ, ਜਿਸ ਕਾਰਨ ਇਨਾਂ ਵਿੱਚ ਕਈ ਵਾਰ ਖ਼ੂਨੀ ਸੰਘਰਸ਼ ਵੀ ਹੋਇਆ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਲੋਕਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕੀਤਾ ਹੈ।