ਲੁਧਿਆਣਾ: ਪਟਿਆਲਾ ਦੇ ਇੱਕ ਟੈਕਸੀ ਡਰਾਈਵਰ ਨੂੰ ਡਾਂਸਰ ਨਾਲ ਪਿਆਰ ਮਹਿੰਗਾ ਪੈ ਗਿਆ। 2 ਬੱਚਿਆਂ ਦਾ ਪਿਓ ਇਹ ਵਿਅਕਤੀ ਡਾਂਸਰ ਦੇ ਪਿਆਰ 'ਚ ਇੰਨਾ ਅੰਨ੍ਹਾ ਹੋ ਗਿਆ ਕਿ ਉਸਦੀ ਜ਼ਿੰਦਗੀ ਦਾ ਖੌਫ਼ਨਾਕ ਅੰਤ ਹੋਇਆ। ਡਾਂਸਰ ਦੀ ਜਿੱਦ ਤੋਂ ਦੁਖੀ ਹੋ ਕੇ ਵਿਆਹੁਤਾ ਪ੍ਰੇਮੀ ਨੇ ਉਸ ਦੇ ਘਰ ਹੀ ਫਾਹਾ ਲੈ ਲਿਆ। ਇਸ ਤੋਂ ਬਾਅਦ ਸਬੂਤ ਮਿਟਾਉਣ ਦੇ ਮਕਸਦ ਨਾਲ ਡਾਂਸਰ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ।
ਕਥਿਤ ਮੁਲਜ਼ਮ ਗ੍ਰਿਫਤਾਰ: ਘਟਨਾ ਦੇ 12 ਦਿਨ ਬਾਅਦ ਪੁਲਿਸ ਦੇ ਸਾਹਮਣੇ ਸੱਚਾਈ ਆਈ। ਜਿਸਦੇ ਚੱਲਦਿਆਂ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਡਾਂਸਰ ਸਮੇਤ 4 ਲੋਕਾਂ ਦੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ। ਇੱਕ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨ ਹਾਲੇ ਫਰਾਰ ਹਨ। ਕਥਿਤ ਮੁਲਜ਼ਮਾਂ ਦੀ ਪਛਾਣ ਰਮਨਦੀਪ ਕੌਰ ਰਮਨੇ, ਉਸਦੇ ਭਰਾ ਪਵਨਦੀਪ ਸਿੰਘ ਪਵਨ ਵਾਸੀ ਜੋਗੀ ਪੀਰ ਕਲੋਨੀ ਰਤਨਹੇੜੀ, ਰਵੀ ਵਾਸੀ ਮੰਡੇਰਾ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਕਾਲਾ ਵਾਸੀ ਰਤਨਹੇੜੀ ਵਜੋਂ ਹੋਈ।
ਕੰਪਨੀ ਨਾਲ ਇਕਰਾਰਨਾਮਾ: ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਜਲ ਵਾਸੀ ਰਾਏਪੁਰ ਮੰਡਲ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2017 ਵਿੱਚ ਬਲਜਿੰਦਰ ਸਿੰਘ ਉਰਫ ਹਨੀ ਨਾਲ ਹੋਇਆ ਸੀ। ਉਸਦੀ 4 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ ਹੈ। ਉਸ ਦਾ ਪਤੀ ਬਲਜਿੰਦਰ ਸਿੰਘ ਡਾਂਸਰ ਨੂੰ ਪਿਆਰ ਕਰਦਾ ਸੀ। ਡਾਂਸਰ ਨੇ ਤਿੰਨ ਮਹੀਨਿਆਂ ਲਈ ਇਕ ਕੰਪਨੀ ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਲਖਨਊ ਅਤੇ ਗੋਆ ਜਾ ਕੇ ਕੰਮ ਕਰੇਗੀ। ਉਸ ਦਾ ਪਤੀ ਰਮਨਦੀਪ ਕੌਰ ਨੂੰ ਰੋਕਦਾ ਸੀ,ਪਰ ਰਮਨਦੀਪ ਕੌਰ ਨਹੀਂ ਮੰਨੀ, ਜਿਸ ਕਾਰਨ 25 ਮਈ 2023 ਨੂੰ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਰਮਨਦੀਪ ਕੌਰ ਦੇ ਘਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਡਾਂਸਰ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ: ਉਸ ਦਾ ਪਤੀ ਲਾਪਤਾ ਸੀ ਅਤੇ ਮੋਬਾਈਲ ਬੰਦ ਆ ਰਿਹਾ ਸੀ। ਇਸ ਲਈ ਉਸ ਨੇ ਪਟਿਆਲਾ ਦੀ ਬਹਾਦਰਗੜ੍ਹ ਚੌਕੀ ਵਿਖੇ ਆਪਣੇ ਪਤੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਡਾਂਸਰ ਦੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਉਸੇ ਦਿਨ ਡਾਂਸਰ ਦਾ ਭਰਾ, ਦੋਸਤ ਰਵੀ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਕਾਲਾ ਨੇ ਉਸ ਦੇ ਪਤੀ ਦੀ ਲਾਸ਼ ਨੂੰ ਘਰੋਂ ਚੁੱਕ ਕੇ ਸਵਿਫਟ ਡਿਜ਼ਾਇਰ ਕਾਰ 'ਚ ਪਾ ਕੇ ਖੰਟ ਮਾਨਪੁਰ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ।
- ਮੰਡੀਆਂ 'ਚ ਮੱਕੀ ਦੀ ਫਸਲ ਲੈਕੇ ਪਹੁੰਚੇ ਕਿਸਾਨ ਕੇਂਦਰ ਸਰਕਾਰ ਤੋਂ ਡਾਢੇ ਪਰੇਸ਼ਾਨ, ਜਾਣੋ ਕੀ ਹੈ ਮਾਮਲਾ
- ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਕੀਤਾ ਇਸ਼ਾਰਾ, ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੇ ਪ੍ਰਸ਼ੰਸਕ ਪਾਏ ਚੱਕਰਾਂ ਵਿੱਚ
- Child Labour: ਬਾਲ ਮਜ਼ਦੂਰੀ ਖ਼ਿਲਾਫ਼ ਛਾਪੇਮਾਰੀ ਵਿੱਢੀ ਕਾਰਵਾਈ, 19 ਮਜ਼ਦੂਰ ਬੱਚਿਆਂ ਨੂੰ ਕਰਵਾਇਆ ਰਿਹਾਅ
ਡਾਂਸਰ ਉੱਤੇ ਇਲਜ਼ਾਮ: ਸ਼ਿਕਾਇਤਕਰਤਾ ਕਾਜਲ ਅਨੁਸਾਰ ਉਸ ਦਾ ਪਤੀ ਬਲਜਿੰਦਰ ਸਿੰਘ ਟੈਕਸੀ ਚਲਾਉਂਦਾ ਸੀ। ਪਿਛਲੇ ਸਾਲ ਉਸਦੇ ਪਤੀ ਦੀ ਮੁਲਾਕਾਤ ਡਾਂਸਰ ਕੁੜੀ ਨਾਲ ਹੋਈ ਸੀ। ਉਸ ਦਿਨ ਤੋਂ ਡਾਂਸਰ ਨੇ ਉਸ ਦੇ ਪਤੀ ਦਾ ਪਿੱਛਾ ਨਹੀਂ ਛੱਡਿਆ। ਉਸ ਦਾ ਪਤੀ ਬਲਜਿੰਦਰ ਸਿੰਘ ਜ਼ਿਆਦਾਤਰ ਡਾਂਸਰ ਨਾਲ ਹੀ ਰਹਿੰਦਾ ਸੀ। ਜਦੋਂ ਉਸਦਾ ਪਤੀ ਘਰ ਜਾਣ ਲਈ ਕਹਿੰਦਾ ਸੀ ਤਾਂ ਡਾਂਸਰ ਉਸ ਨੂੰ ਬਲੈਕਮੇਲ ਕਰਦੀ ਸੀ। 22 ਮਈ ਨੂੰ ਉਸਦਾ ਪਤੀ ਪੈਸੇ ਲੈਣ ਘਰ ਆਇਆ ਸੀ ਅਤੇ 23 ਮਈ ਨੂੰ ਮੁੜ ਮੁਲਜ਼ਮ ਡਾਂਸਰ ਦੇ ਘਰ ਚਲਾ ਗਿਆ ਸੀ। 25 ਮਈ ਨੂੰ ਉਸ ਦੇ ਪਤੀ ਦਾ ਮੋਬਾਈਲ ਬੰਦ ਆਉਣ ਲੱਗਾ। ਉਸ ਨੇ ਡਾਂਸਰ ਨਾਲ ਗੱਲ ਕੀਤੀ ਤਾਂ ਉਸ ਨੂੰ ਕੁੱਝ ਨਹੀਂ ਦੱਸਿਆ ਗਿਆ। ਆਖ਼ਰ ਪੁਲਿਸ ਜਾਂਚ 'ਚ ਸੱਚ ਸਾਹਮਣੇ ਆਇਆ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਚਾਰ ਕਥਿਤ ਦੋਸ਼ੀਆਂ ਵਿੱਚੋਂ ਡਾਂਸਰ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।