ਲੁਧਿਆਣਾ: ਕਾਬੁਲ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਹਮਲੇ 'ਚ ਲੁਧਿਆਣਾ ਦੇ 2 ਸ਼ਰਧਾਲੂਆਂ ਦੀ ਮੌਤ ਹੋਈ ਸੀ ਜਿਨ੍ਹਾਂ ਦਾ ਮੰਗਲਵਾਰ ਨੂੰ ਸ਼ਹਿਰ ਵਿੱਚ ਸਸਕਾਰ ਕੀਤਾ ਗਿਆ। ਉੱਥੇ ਹੀ ਇਸ ਦੌਰਾਨ ਇਹ ਵੀ ਧਿਆਨ ਰੱਖਿਆ ਗਿਆ ਕਿ ਬਹੁਤਾ ਇਕੱਠ ਨਾ ਹੋ ਸਕੇ।
ਲੁਧਿਆਣਾ ਦੇ ਛਾਵਣੀ ਮੁਹੱਲੇ ਦੇ ਰਹਿਣ ਵਾਲੇ ਸ਼ੰਕਰ ਸਿੰਘ ਦੀ ਬੀਤੇ ਦਿਨੀਂ ਕਾਬੁਲ ਵਿੱਚ ਗੁਰਦੁਆਰਾ ਸਾਹਿਬ 'ਤੇ ਹੋਏ ਦਹਿਸ਼ਤਗਰਦੀ ਹਮਲੇ 'ਚ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਪਿੰਕੀ ਨਾਲ ਉੱਥੇ ਸੇਵਾ ਕਰਨ ਗਏ ਸੀ ਤੇ ਕਾਬਲ 'ਚ ਹੋਏ ਧਮਾਕੇ 'ਚ ਲੁਧਿਆਣਾ ਦੇ ਹੀ ਜੀਵਨ ਦੀ ਵੀ ਮੌਤ ਹੋ ਗਈ ਸੀ।
ਜ਼ਿਕਰੇਖ਼ਾਸ ਹੈ ਕਿ ਸ਼ੰਕਰ ਸਿੰਘ ਦੇ 6 ਬੱਚੇ ਲੁਧਿਆਣਾ ਵਿੱਚ ਹੀ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਇਨ੍ਹਾਂ ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ ਭਾਰਤ ਵਿਦੇਸ਼ ਵਿਭਾਗ ਵੱਲੋਂ ਭਾਰਤ ਲਿਆਂਦੀਆਂ ਗਈਆਂ ਸਨ।
ਬੀਤੇ ਦਿਨੀਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ 'ਚ ਹੋਏ ਦਹਿਸ਼ਤਗਰਦੀ ਹਮਲੇ 'ਚ ਦਰਜਨਾਂ ਸਿੱਖ ਪਰਿਵਾਰਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸ਼ੰਕਰ ਸਿੰਘ ਤੇ ਜੀਵਨ ਵੀ ਸ਼ਾਮਲ ਸਨ।