ਲੁਧਿਆਣਾ: ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਪਾਰਾ ਵੀ ਕਾਫ਼ੀ ਵੱਧ ਰਿਹਾ ਹੈ ਜਿਸ ਕਾਰਨ ਲੋਕ ਗ਼ਰਮੀ ਨਾਲ ਬੇਹਾਲ ਹੋ ਰਹੇ ਹਨ। ਲੁਧਿਆਣਾ 'ਚ ਇਨ੍ਹੀਂ ਦਿਨੀਂ ਘੜੇ ਵੇਚਣ ਵਾਲਿਆਂ ਦੀ ਚਾਂਦੀ ਹੋ ਰਹੀ ਹੈ ਕਿਉਂਕਿ ਲੋਕ ਹੁਣ ਮਿੱਟੀ ਦੇ ਘੜਿਆਂ ਵੱਲ ਰੁਖ ਕਰਨ ਲੱਗੇ ਪਏ ਹਨ। ਖ਼ਰੀਦਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਘੜਾ ਠੰਡਾ ਪਾਣੀ ਦਿੰਦਾ ਹੈ ਤੇ ਦੂਜੇ ਪਾਸੇ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਉਨ੍ਹਾਂ ਨੂੰ ਬਚਾਉਂਦਾ ਹੈ।
ਘੜਾ ਖਰੀਦਣ ਆਏ ਖਰੀਦਦਾਰਾਂ ਨੇ ਦੱਸਿਆ ਕਿ ਇਸ ਦਾ ਪਾਣੀ ਫਿਲਟਰ ਦੇ ਪਾਣੀ ਨਾਲੋਂ ਵਧੀਆ ਹੁੰਦਾ ਹੈ। ਖਰੀਦਾਰਾਂ ਨੇ ਦੱਸਿਆ ਕਿ ਜੋ ਪਲਾਸਟਿਕ ਦੀਆਂ ਚੀਜ਼ਾਂ ਅਸੀਂ ਰੋਜ਼ਾਨਾ ਦੀ ਜ਼ਿੰਦਗੀ 'ਚ ਵਰਤਦੇ ਹਾਂ ਉਸ ਨਾਲ ਹੀ ਕੈਂਸਰ ਦੀ ਬੀਮਾਰੀ ਸਭ ਤੋਂ ਵੱਧ ਫ਼ੈਲਦੀ ਹੈ ਇਸ ਲਈ ਪਾਣੀ ਦੀਆਂ ਬੋਤਲਾ ਦੀ ਬਜਾਏ ਘੜੇ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
ਘੜੇ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਕੋਲ ਗਾਹਕ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੇ ਹੁਣ ਘੜਿਆਂ 'ਤੇ ਟੂਟੀ ਵੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ।