ਲੁਧਿਆਣਾ: ਦਿੱਲੀ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਲਈ ਦਿੱਲੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਿੱਲੀ ਸਰਕਾਰ ਮੁਤਾਬਕ ਰਾਜਧਾਨੀ ਦੀ ਏਅਰ ਕੁੁਆਲਿਟੀ ਪੰਜਾਬ ਦੇ ਵਿੱਚ ਸਾੜੀ ਜਾ ਰਹੀ ਪਰਾਲੀ ਕਾਰਨ ਘੱਟ ਰਹੀ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ।
ਮੌਸਮ ਵਿਭਾਗ ਦੀ ਮੁੱਖੀ ਡਾ. ਪ੍ਰਭਜੋਤ ਕੌਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਤੱਕ ਪਹੁੰਚ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ 2012 ਤੋਂ ਲੈ ਕੇ 2019 ਤੱਕ ਦੇ ਅੰਕੜਿਆਂ 'ਤੇ ਹੋਈ ਖੋਜ ਮੁਤਾਬਕ ਸਰਦੀਆਂ ਵਿੱਚ ਜੋ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਉਸ ਦਾ ਧੂੰਆਂ ਦੂਜੇ ਸੂਬੇ ਵਿੱਚ ਪਹੁੰਚਣਾ ਨਾਮੁਮਕਿਨ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਹਵਾ ਦੀ ਗਤੀ ਬਹੁਤ ਹੀ ਘੱਟ ਹੁੰਦੀ ਹੈ।
ਮੌਸਮ ਵਿਭਾਗ ਦੀ ਮੁੱਖੀ ਨੇ ਕਿਹਾ ਹੈ ਕਿ ਪੰਜਾਬ ਦਾ ਪ੍ਰਦੂਸ਼ਣ ਬਾਹਰਲੇ ਸੂਬਿਆਂ ਵਿੱਚ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਹਵਾ ਦੀ ਰਫ਼ਤਾਰ ਮਹਿਜ਼ 2 ਕਿਲੋਮੀਟਰ ਪ੍ਰਤੀ ਘੰਟੇ ਦੀ ਹੁੰਦੀ ਹੈ ਅਤੇ ਹਵਾ ਦੀ ਦਿਸ਼ਾ ਵੀ ਉੱਤਰ ਵੱਲ ਹੁੰਦੀ ਹੈ। ਇਸ ਕਰਕੇ ਇਹ ਮੁਮਕਿਨ ਨਹੀਂ ਕਿ ਪੰਜਾਬ 'ਚ ਪਰਾਲੀ ਦੀ ਅੱਗ ਦਾ ਧੂਆਂ ਦਿੱਲੀ ਜਾਂ ਹਰਿਆਣਾ ਪਹੁੰਚੇ।
ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਤੌਰ 'ਤੇ ਇਹ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਮੌਸਮ ਖੁਸ਼ਕ ਹੁੰਦਾ ਹੈ ਤੇ ਬਹੁਤ ਘੱਟ ਅਜਿਹੇ ਮੌਕੇ ਹੁੰਦੇ ਨੇ ਜਦੋਂ ਹਵਾ ਦੀ ਰਫ਼ਤਾਰ ਤੇਜ ਹੋਵੇ।