ਲੁਧਿਆਣਾ: ਖੰਨਾ ਰੇਲਵੇ ਸਟੇਸ਼ਨ 'ਤੇ ਇੱਕ ਯਾਤਰੀ ਰੇਲ ਗੱਡੀ ਚੜ੍ਹਦੇ ਸਮੇਂ ਪਲੇਟਫਾਰਮ ਤੇ ਗੱਡ਼ੀ ਦੇ ਵਿਚਕਾਰ ਫਸ ਗਿਆ। ਪਲੇਟਫਾਰਮ 'ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਤੁਰੰਤ ਗੱਡੀ ਰੋਕੀ ਗਈ ਜਿਸ ਨਾਲ ਯਾਤਰੀ ਦੀ ਜਾਨ ਤਾਂ ਬਚ ਗਈ ਪਰ ਇਸ ਹਾਦਸੇ 'ਚ ਯਾਤਰੀ ਦੀ ਲੱਤ ਵੱਢੀ ਗਈ। ਜਖ਼ਮੀ ਯਾਤਰੀ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਜਿਸ ਕਰਕੇ ਉਸ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਹ ਯਾਤਰੀ ਆਪਣੇ ਬੱਚੇ ਲਈ ਪਾਣੀ ਲੈਣ ਖਾਤਰ ਪਲੇਟਫਾਰਮ 'ਤੇ ਉਤਰਿਆ ਸੀ। ਵਾਪਸੀ ਗੱਡੀ 'ਚ ਸਵਾਰ ਹੁੰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਲੋਕਾਂ ਅਤੇ ਪੁਲਿਸ ਦੀ ਚੌਕਸੀ ਨਾਲ ਬੱਚੀ ਜਾਨ : ਲੁਧਿਆਣਾ ਤੋਂ ਪੈਸੇਂਜਰ ਗੱਡੀ ਅੰਬਾਲਾ ਜਾ ਰਹੀ ਸੀ। ਇਸ ਦੌਰਾਨ ਸਾਹਨੇਵਾਲ ਤੋਂ ਇੱਕ ਪਰਿਵਾਰ ਗੱਡੀ 'ਚ ਸਵਾਰ ਹੋਇਆ। ਖੰਨਾ ਗੱਡੀ ਦੇ ਰੁਕਣ ਸਮੇਂ ਇੱਕ ਵਿਅਕਤੀ ਆਪਣੇ ਬੱਚੇ ਲਈ ਪਾਣੀ ਲੈਣ ਖਾਤਰ ਪਲੇਟਫਾਰਮ 'ਤੇ ਉਤਰਿਆ। ਅਚਾਨਕ ਹੀ ਗੱਡੀ ਚੱਲਣ ਲੱਗੀ ਤਾਂ ਇਹ ਯਾਤਰੀ ਜਲਦਬਾਜੀ 'ਚ ਰੇਲ ਗੱਡੀ ਚੜ੍ਹਨ ਲੱਗਾ। ਇਸੇ ਦੌਰਾਨ ਹੱਥ ਗਿੱਲਾ ਹੋਣ ਕਰਕੇ ਹੱਥ ਤਿਲਕ ਗਿਆ। ਇਹ ਯਾਤਰੀ ਪਲੇਟਫਾਰਮ ਤੇ ਗੱਡੀ ਦੇ ਵਿਚਕਾਰ ਫਸ ਗਿਆ। ਹਾਲੇ ਰੇਲ ਗੱਡੀ ਚੱਲੀ ਹੀ ਸੀ ਕਿ ਲੋਕਾਂ ਨੇ ਰੌਲਾ ਪਾ ਦਿੱਤਾ। ਗੱਡੀ ਦੇ ਪਿਛਲੇ ਪਾਸੇ ਗਾਰਡ ਨੇ ਤੁਰੰਤ ਗੱਡੀ ਰੁਕਵਾਈ। ਪਲੇਟਫਾਰਮ 'ਤੇ ਮੌਜੂਦ ਰੇਲਵੇ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜਖ਼ਮੀ ਯਾਤਰੀ ਨੂੰ ਬਾਹਰ ਕੱਢ ਕੇ ਜਾਨ ਬਚਾਈ ਅਤੇ ਸਰਕਾਰੀ ਹਸਪਤਾਲ ਦਾਖਲ਼ ਕਰਾਇਆ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਯਾਤਰੀ ਦੀ ਜਾਨ ਵੀ ਜਾ ਸਕਦੀ ਸੀ। ਕਿਉਂਕਿ ਰੇਲ ਗੱਡੀ ਚੱਲ ਪਈ ਸੀ ਜੇਕਰ ਲੋਕ ਅਤੇ ਪੁਲਿਸ ਚੌਕਸ ਨਾ ਹੁੰਦੇ ਤਾਂ ਯਾਤਰੀ ਨੂੰ ਰੇਲ ਗੱਡੀ ਨੇ ਦੂਰ ਤੱਕ ਘਸੀਟ ਕੇ ਲੈ ਜਾਣਾ ਸੀ।
ਪਤਨੀ ਅਤੇ ਬੱਚੇ ਜਖ਼ਮੀ ਕੋਲ: ਉਥੇ ਹੀ ਦੂਜੇ ਪਾਸੇ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਯਾਤਰੀ ਜ਼ਿਆਦਾ ਹੋਣ ਕਰਕੇ ਰੇਲਵੇ ਪੁਲਿਸ ਉਥੇ ਹੀ ਤਾਇਨਾਤ ਸੀ। ਇਸੇ ਦੌਰਾਨ ਜਦੋਂ ਪੈਸੇਂਜਰ ਗੱਡੀ ਖੰਨਾ ਆ ਕੇ ਰੁਕੀ ਅਤੇ ਦੁਬਾਰਾ ਚੱਲਣ ਲੱਗੀ ਤਾਂ ਇੱਕ ਯਾਤਰੀ ਹੱਥ ਫਿਸਲਣ ਕਰਕੇ ਥੱਲੇ ਡਿੱਗ ਗਿਆ ਅਤੇ ਪਲੇਟਫਾਰਮ ਤੇ ਗੱਡੀ ਵਿਚਕਾਰ ਫਸ ਗਿਆ। ਤੁਰੰਤ ਗੱਡੀ ਰੁਕਵਾ ਕੇ ਵਿਅਕਤੀ ਦੀ ਜਾਨ ਬਚਾਈ ਗਈ। ਹਾਦਸੇ 'ਚ ਉਸਦੀ ਲੱਤ ਵੱਢੀ ਗਈ ਹੈ। ਹਾਲਤ ਨਾਜੁਕ ਹੋਣ ਕਰਕੇ ਯਾਤਰੀ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਸ ਭੱਠੇ ਉਪਰ ਇਹ ਯਾਤਰੀ ਕੰਮ ਕਰਦਾ ਸੀ ਉਸ ਦੇ ਮਾਲਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਤਨੀ ਅਤੇ ਬੱਚੇ ਜਖ਼ਮੀ ਯਾਤਰੀ ਦੇ ਕੋਲ ਹੀ ਹਨ।