ਲੁਧਿਆਣਾ: ਪੰਜਾਬ ਭਰ ਵਿੱਚ ਅੱਜ ਤੋਂ ਰਸਮੀ ਤੌਰ ਉੱਤੇ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਕੀਤੀ ਤਾਲਾਬੰਦੀ ਨੂੰ ਵੇਖਦਿਆਂ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਹਨ। ਝੋਨੇ ਦੀ ਲਵਾਈ ਲਈ ਹੁਣ ਲੇਬਰ ਨਹੀਂ ਮਿਲ ਰਹੀ ਜੇ ਮਿਲ ਵੀ ਰਹੀ ਹੈ ਤਾਂ ਉਹ ਦੁੱਗਣੀ ਕੀਮਤ ਮੰਗ ਰਹੇ ਹਨ।
ਲੁਧਿਆਣਾ ਦੇ ਨਾਲ ਲੱਗਦੇ ਪਿੰਡ ਜੀਵਨ ਪੁਰਾ ਵਿਖੇ ਈਟੀਵੀ ਭਾਰਤ ਦੀ ਟੀਮ ਵੱਲੋਂ ਝੋਨੇ ਦੀ ਬਿਜਾਈ ਦਾ ਜਾਇਜ਼ਾ ਲਿਆ ਗਿਆ ਤਾਂ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਕਿ ਲੇਬਰ ਨਾ ਮਿਲਣ ਕਰਕੇ ਇਸ ਵਾਰ ਝੋਨਾ ਕਾਫ਼ੀ ਲੇਟ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਸ਼ੀਨ ਰਾਹੀਂ ਝੋਨਾ ਬੀਜਣਾ ਸੰਭਵ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਲੱਖਾਂ ਰੁਪਏ ਦਾ ਡੀਜ਼ਲ ਹੁਣ ਤੱਕ ਫੂਕ ਚੁੱਕੇ ਹਨ ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ। ਜੇ ਅਜਿਹਾ ਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੀ ਹਾਲਤ ਖ਼ਰਾਬ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਖੇਤੀ ਛੱਡਣੀ ਪਵੇਗੀ।
ਕਿਸਾਨਾਂ ਨੇ ਕਿਹਾ ਕਿ ਲੇਬਰ ਦੇ ਨਾਲ-ਨਾਲ ਬਿਜਲੀ ਦੀ ਵੀ ਵੱਡੀ ਸਮੱਸਿਆ ਹੈ। ਝੋਨੇ ਦੇ ਸੀਜ਼ਨ ਦੌਰਾਨ ਵੀ ਉਨ੍ਹਾਂ ਨੂੰ ਨਿਰੰਤਰ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ। ਉਨ੍ਹਾਂ ਉੱਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ ਕਿਉਂਕਿ ਕਰਫ਼ਿਊ ਤੋਂ ਬਾਅਦ ਸਰਕਾਰਾਂ ਵੱਲੋਂ ਡੀਜ਼ਲ, ਖਾਦਾਂ ਆਦਿ ਸਭ ਕੁਝ ਮਹਿੰਗਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਦੀ ਫ਼ਸਲ ਉੱਤੇ ਲਾਗਤ ਵੱਧ ਆ ਰਹੀ ਹੈ।