ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਇੱਕ ਅਕਤੂਬਰ ਨੂੰ ਨਾ ਕਰਵਾ ਕੇ 11 ਅਕਤੂਬਰ ਤੋਂ ਸ਼ੁਰੂ ਕਰਵਾਉਣ ਨੂੰ ਲੈ ਕੇ ਕਿਸਾਨ ਬਹੁਤ ਪ੍ਰੇਸ਼ਾਨ ਹਨ। ਇਸ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਜ਼ਿਲ੍ਹਾ ਡੀ. ਸੀ. ਦਫਤਰਾਂ, ਸਰਕਾਰ ਅਤੇ ਵਿਧਾਇਕ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰ ਰਹੇ ਹਨ।
ਇਸਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲੁਧਿਆਣਾ ਦੇ ਡੀ. ਸੀ. ਵਰਿੰਦਰ ਸ਼ਰਮਾ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਵੇ ਕਿਉਂਕਿ ਕਿਸਾਨਾਂ ਦੀ ਫ਼ਸਲ ਮੰਡੀਆਂ 'ਚ ਪਹੁੰਚ ਚੁੱਕੀ ਹੈ ਅਤੇ ਮੰਡੀਆਂ ਚ ਰੁਲ ਰਹੀ ਫ਼ਲਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਖਾਸ ਕਰਕੇ ਜਿਨ੍ਹਾਂ ਨੇ ਅਗੇਤਾ ਝੋਨਾ ਲਾਇਆ ਸੀ ਉਨ੍ਹਾਂ ਦੀ ਫ਼ਸਲ ਮੰਡੀਆਂ ਦੇ ਵਿਚ ਪਹੁੰਚ ਚੁੱਕੀ ਹੈ। ਫ਼ਸਲ ਦੀ ਖ੍ਰੀਦ ਨਾ ਸ਼ੁਰੂ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ।
ਉਨ੍ਹਾਂ ਨੇ ਕਿਹਾ ਕਿ ਮੌਸਮ ਦੀ ਮਾਰ ਵੀ ਕਿਸਾਨਾਂ ਤੇ ਪੈ ਰਹੀ ਹੈ। ਮੰਡੀਆਂ ਚ ਪਈ ਫ਼ਸਲ ਖ਼ਰਾਬ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜ਼ਿਆਦਾ ਸਮਾਂ ਝੋਨੇ ਦੀ ਫ਼ਸਲ ਨੂੰ ਉਹ ਘਰ ਵਿੱਚ ਨਹੀਂ ਰੱਖ ਸਕਦੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਖਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਉਹ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕਰਨਗੇ।
ਇਹ ਵੀ ਪੜ੍ਹੋ:- ਵਿਧਾਇਕ ਦੇ ਘਰ ਅੱਗੇ ਪੁਲਿਸ ’ਤੇ ਕਿਸਾਨਾਂ ਵਿਚਾਲੇ ਝੜਪ