ਲੁਧਿਆਣਾ: ਢੋਲੇਵਾਲ ਪੁਲ ਦੇ ਹੇਠ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਰੇਲ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਜ਼ਖਮੀ ਹੋ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਚਾਰ ਲੋਕ ਲਾਈਨਾਂ 'ਤੇ ਬੈਠੇ ਸਨ ਅਤੇ ਚਾਰਾਂ ਨੇ ਨਸ਼ਾ ਕੀਤਾ ਹੋਇਆ ਸੀ, ਜਦੋਂ ਰੇਲ ਆਈ ਤਾਂ ਦੋ ਵਿਅਕਤੀ ਤਾਂ ਪਹਿਲਾਂ ਹੀ ਸਾਈਡ ਹੋ ਗਏ ਪਰ ਇੱਕ ਲਾਈਨਾਂ 'ਤੇ ਬੈਠਾ ਰਿਹਾ। ਉਸ ਦੀ ਰੇਲ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਜ਼ਖਮੀ ਹੋ ਗਿਆ।
ਇੱਕ ਹਫ਼ਤੇ ਦੇ ਵਿੱਚ ਲੁਧਿਆਣਾ ਲਾਈਨਾਂ 'ਤੇ ਇਹ ਦੂਜਾ ਹਾਦਸਾ ਵਾਪਰਿਆ ਹੈ। ਇਸ ਤੋਂ ਪਹਿਲਾਂ ਗਿਆਸਪੁਰਾ ਫਾਟਕਾਂ 'ਤੇ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਉਧਰ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਅਕਸਰ ਹੀ ਸ਼ਰਾਬ ਦੇ ਨਸ਼ੇ 'ਚ ਇੱਥੇ ਲੋਕ ਲਾਈਨਾਂ 'ਤੇ ਬੈਠੇ ਰਹਿੰਦੇ ਹਨ ਅਤੇ ਖੁਦ ਹੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਇਥੇ ਮੌਜੂਦ ਨਹੀਂ ਸੀ। ਹਾਦਸੇ 'ਚ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜੋ: ਕੋਰੋਨਾ ਵਾਇਰਸ: ਨੋਏਡਾ ਵਿੱਚ 6 ਸ਼ੱਕੀਆਂ ਦੇ ਸੈਂਪਲ ਪਾਏ ਗਏ ਨੈਗੇਟਿਵ
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦੀ ਉਨ੍ਹਾਂ ਨੂੰ ਲਾਸ਼ ਮਿਲੀ ਹੈ, ਜਦੋਂ ਕਿ ਦੂਜੇ ਨੂੰ ਜ਼ਖ਼ਮੀ ਹਾਲਤ 'ਚ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।