ਲੁਧਿਆਣਾ: 75ਵੇਂ ਆਜ਼ਾਦੀ ਦਿਹਾੜੇ ਮੌਕੇ ਕੇਂਦਰ ਸਰਕਾਰ ਵੱਲੋਂ ਦੇਸ਼ਵਾਸੀਆਂ ਨੂੰ ਤਿੰਨ ਦਿਨ ਆਪਣੇ ਘਰਾਂ ਆਪਣੇ ਰੁਜ਼ਗਾਰ ਵਾਲੀਆਂ ਥਾਵਾਂ ’ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਨੂੰ ਲੈ ਕੇ ਜਿੱਥੇ ਭਾਜਪਾ ਦੇ ਲੀਡਰ ਪੱਬਾਂ ਭਾਰ ਨੇ ਉੱਥੇ ਹੀ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਕਿਹਾ ਕਿ ਹੱਥਾਂ ਨਾਲ ਜੋ ਤਿਰੰਗਾ ਬਣਾਉਣ ਵਾਲੀਆਂ ਕਰਨਾਟਕ ਦੀਆਂ 15 ਲੱਖ ਮਹਿਲਾਵਾਂ ਬੇਰੁਜ਼ਗਾਰ ਹੋਈਆਂ ਹਨ ਉਸ ਦਾ ਜਵਾਬ ਕੌਣ ਦੇਵੇਗਾ।
ਸ਼ਹੀਦਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਤਿਰੰਗਾ ਲਹਿਰਾਉਣਾ ਇੱਕ ਚੰਗਾ ਉਪਰਾਲਾ ਹੈ ਪਰ ਇਸ ਦੀਆਂ ਕਦਰਾਂ ਕੀਮਤਾਂ ਸਮਝਾਉਣਾ ਕਿਸ ਦਾ ਫਰਜ਼ ਹੈ। ਉਨ੍ਹਾਂ ਨੇ ਕਾਰਪੋਰੇਟਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਮੁਹਿੰਮ ਦੇ ਤਹਿਤ ਤਿੰਨ ਦਿਨ ਦੇਸ਼ ਭਰ ਦੇ ਵਿੱਚ 20 ਕਰੋੜ ਤੋਂ ਵੱਧ ਘਰਾਂ ਦੇ ਅੰਦਰ ਤਿਰੰਗਾ ਲਹਿਰਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਮੁਹਿੰਮ ਚੱਲ ਰਹੀ ਹੈ ਕਿ ਆਪਣੀ ਡੀ ਪੀ ਤਿਰੰਗਾ ਵਾਲੀ ਲਗਾ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਜਾਵੇ। ਇਸ ਸਬੰਧੀ ਦੇਸ਼ ਭਰ ਵਿੱਚ ਤਿਰੰਗੇ ਬਣਾਉਣ ਨੂੰ ਲੈ ਕੇ ਜ਼ੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ। ਡਾਕਖਾਨਿਆਂ ਦੇ ਵਿੱਚੋਂ ਵੀ ਤਿਰੰਗਾ ਖ਼ਰੀਦਿਆ ਜਾ ਸਕਦਾ ਹੈ ਜਿਸ ਦੀ ਕੀਮਤ 25 ਰੁਪਏ ਰੱਖੀ ਗਈ ਹੈ।
ਕਦੋਂ ਹੋਂਦ ਵਿੱਚ ਆਇਆ ਤਿਰੰਗਾ ? : ਸੰਵਿਧਾਨ ਸਭਾ ਵੱਲੋਂ ਪਹਿਲੀ ਵਾਰ 22 ਜੁਲਾਈ 1947 ਦੇ ਵਿੱਚ ਤਿਰੰਗੇ ਨੂੰ ਭਾਰਤ ਦੇ ਕੌਮੀ ਝੰਡੇ ਵਜੋਂ ਅਪਣਾਇਆ ਗਿਆ ਸੀ। 1921 ਵਿੱਚ ਮਹਾਤਮਾ ਗਾਂਧੀ ਵੱਲੋਂ ਇੱਕ ਲੇਖ ਲਿਖਿਆ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਜਿਹਾ ਕੌਮੀ ਝੰਡਾ ਬਣਾਉਣਾ ਚਾਹੀਦਾ ਹੈ ਜਿਸ ਲਈ ਹਰ ਕੋਈ ਆਪਣੀ ਜਾਨ ਦੇ ਸਕੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ 30 ਤੋਂ ਜ਼ਿਆਦਾ ਦੇਸ਼ਾਂ ਦੇ ਕੌਮੀ ਝੰਡੇ ਦਾ ਅਧਿਐਨ ਕੀਤਾ ਗਿਆ। ਇਸ ਅਧਿਐਨ ਤੋਂ ਬਾਅਦ ਕੌਮੀ ਤਿਰੰਗੇ ਨੂੰ ਹੋਂਦ ਵਿੱਚ ਲਿਆਂਦਾ ਗਿਆ। 22 ਜੁਲਾਈ 1947 ਦੇ ਵਿੱਚ ਡਾ.ਰਾਜਿੰਦਰ ਪ੍ਰਸਾਦ ਦੀ ਅਗਵਾਈ ਵਾਲੀ ਸੰਵਿਧਾਨ ਸਭਾ ਦੀ ਬੈਠਕ ਦੇ ਵਿੱਚ ਤਿਰੰਗੇ ਨੂੰ ਭਾਰਤ ਦੇ ਕੌਮੀ ਝੰਡੇ ਵਜੋਂ ਪ੍ਰਵਾਨਗੀ ਦਿੱਤੀ ਗਈ।
ਤਿਰੰਗਾ ਫਹਿਰਾਉਣ ਸਬੰਧੀ ਬਦਲੇ ਗਏ ਨਿਯਮ: ਫਲੈਗ ਕੋਡ ਦੇ ਵਿੱਚ ਤਬਦੀਲੀ ਕਰ ਕੇ ਤਿਰੰਗੇ ਸਬੰਧੀ ਨਵੇਂ ਨਿਯਮ 26 ਜਨਵਰੀ 2002 ਤੋਂ ਬਾਅਦ ਬਣਾਏ ਗਏ ਜਿਸ ਵਿੱਚ ਮਸ਼ੀਨ ਨਾਲ ਬਣਿਆ ਹੋਇਆ ਕਪਾਸ ਪੁੰਨ ਜਾਂ ਰੇਸ਼ਮੀ ਖਾਧੀ ਅਤੇ ਪੋਲੀਏਸਟਰ ਦਾ ਬਣਿਆ ਤਿਰੰਗਾ ਵੀ ਲਹਿਰਾਇਆ ਜਾ ਸਕਦਾ ਹੈ। ਇੰਨ੍ਹਾਂ ਹੀ ਨਹੀਂ ਇਸ ਨਵੇਂ ਨਿਯਮ ਦੇ ਤਹਿਤ 24 ਘੰਟੇ ਤਿਰੰਗਾ ਲਹਿਰਾਉਣ ਦੀ ਵੀ ਤਜਵੀਜ਼ ਰੱਖੀ ਗਈ ਹਾਲਾਂਕਿ ਪਹਿਲਾਂ ਨਿਯਮ ਸਖ਼ਤ ਸਨ।
ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਚੁੱਕੇ ਸਵਾਲ: ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਦੀ ਇਸ ਮਨਸ਼ਾ ਨੂੰ ਲੈ ਕੇ ਜਿਥੇ ਇੱਕ ਪੱਖ ਤੋਂ ਸ਼ਲਾਘਾ ਕੀਤੀ ਹੈ ਉਥੇ ਹੀ ਦੂਜੇ ਪੱਖ ਤੋਂ ਸਵਾਲ ਵੀ ਖੜ੍ਹੇ ਕੀਤੇ ਹਨ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਇਕ ਚੰਗਾ ਕਦਮ ਹੈ ਪਰ ਇਸ ਦੇ ਵਿੱਚ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਕੀ ਇਸ ਵਿਚ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਵੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਤਿਰੰਗੇ ਨੂੰ ਮਸ਼ੀਨਾਂ ਦੇ ਵਿਚ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਕਰਕੇ ਤਿਰੰਗਾ ਵੀ ਹੁਣ ਵੱਡੀਆਂ ਕਾਰਪੋਰੇਟ ਘਰਾਣਿਆਂ ਦੇ ਕੋਲ ਚਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਤਿਰੰਗੇ ਦੇ ਮਾਇਨੇ ਅਤੇ ਇਸ ਦੀਆਂ ਕਦਰਾਂ ਕੀਮਤਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਤਿਰੰਗਾ ਕੋਈ ਨੁਮਾਇਸ਼ ਕਰਨ ਵਾਲੀ ਚੀਜ਼ ਨਹੀਂ ਹੈ। ਉਸ ਨਾਲ ਸਾਡੀਆਂ ਕਦਰਾਂ ਕੀਮਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਜਦੋਂ ਕਰਤਾਰ ਸਿੰਘ ਸਰਾਭਾ ਵੱਲੋਂ ਝੰਡਾ ਚੁੱਕਿਆ ਗਿਆ ਸੀ ਉਦੋਂ ਉਸ ਦੇ ਕੀ ਮਾਇਨੇ ਸੀ ਇਹ ਲੋਕਾਂ ਲਈ ਜਾਣਨਾ ਜ਼ਰੂਰੀ ਹੈ। ਜਗਮੋਹਨ ਸਿੰਘ ਨੇ ਕਿਹਾ ਕਿ ਪੂਰੀ ਆਜ਼ਾਦੀ ਲੈਣ ਦੇ ਸੰਕਲਪ ਦੇ ਨਾਲ ਝੰਡਾ ਲਹਿਰਾਇਆ ਗਿਆ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕਰਨ ਦੀ ਗੱਲ ਕਹੀ ਗਈ ਸੀ ਉਸ ਵੇਲੇ ਇੱਕੋ ਹੀ ਨਾਅਰਾ ਸੀ ਕਿ ਸਾਮਰਾਜਵਾਦ ਮੁਰਦਾਬਾਦ ਅਤੇ ਇਨਕਲਾਬ ਜ਼ਿੰਦਾਬਾਦ।
15 ਲੱਖ ਮਹਿਲਾਵਾਂ ਦੇ ਬੇਰੁਜ਼ਗਾਰ ਹੋਣ ਦੀ ਕਹਾਣੀ: ਪ੍ਰੋਫੈਸਰ ਜਗਮੋਹਨ ਸਿੰਘ ਨੇ ਦੱਸਿਆ ਕਿ ਕਰਨਾਟਕ ਵਿਚ ਕੌਮੀ ਤਿਰੰਗੇ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਬਣਾਇਆ ਜਾਂਦਾ ਰਿਹਾ ਸੀ ਜਿਸ ਵਿੱਚ ਧਾਗਾ ਵੀ ਆਪ ਤਿਆਰ ਕੀਤਾ ਜਾਂਦਾ ਸੀ ਅਤੇ ਫਿਰ ਖਾਦੀ ਦਾ ਤਿਰੰਗਾ ਬਣਾਇਆ ਜਾਂਦਾ ਸੀ ਜਿਸ ਵਿੱਚ ਪੰਦਰਾਂ ਲੱਖ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਨਵੇਂ ਨਿਯਮ ਬਣਾਏ ਗਏ ਉਸ ਤੋਂ ਬਾਅਦ ਲੱਖਾਂ ਦੀ ਤਦਾਦ ਵਿਚ ਮਹਿਲਾਵਾਂ ਬੇਰੁਜ਼ਗਾਰ ਹੋ ਗਈਆਂ ਅਤੇ ਪਲਾਸਟਿਕ ਅਤੇ ਫਾਈਬਰ ਨਾਲ ਬਣੇ ਤਿਰੰਗੇ ਵਿੱਚ ਜਾਣ ਲੱਗ ਪਏ ਜਿਸ ਨਾਲ ਰਵਾਇਤੀ ਢੰਗ ਨਾਲ ਜੋ ਤਿਰੰਗੇ ਬਣਾਏ ਜਾਂਦੇ ਸਨ ਉਹ ਰੁਜ਼ਗਾਰ ਖ਼ਤਮ ਹੋ ਗਿਆ।
ਤਿਰੰਗੇ ਦੇ ਅਪਮਾਨ 'ਤੇ ਸਖ਼ਤ ਸਜ਼ਾ: ਦੇਸ਼ ਭਰ ਦੇ ਵਿੱਚ ਤਿਰੰਗੇ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਦੌਰਾਨ ਸਮਾਜ ਸੇਵੀਆਂ ਅਤੇ ਦੇਸ਼ ਪ੍ਰੇਮੀਆਂ ਨੇ ਕਿਹਾ ਕਿ ਸਾਡੇ ਕੌਮੀ ਝੰਡੇ ਦਾ ਕਿਸੇ ਤਰ੍ਹਾਂ ਦਾ ਅਪਮਾਨ ਨਾ ਹੋਵੇ ਇਸ ਵੱਲ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਕੌਮੀ ਝੰਡਾ ਸਾਡੇ ਦੇਸ਼ ਦੇ ਸਨਮਾਨ ਦਾ ਪ੍ਰਤੀਕ ਹੈ ਅਤੇ ਇਸ ਦੀ ਸਾਂਭ ਸੰਭਾਲ ਸਾਰਿਆਂ ਦਾ ਕਰਤੱਵ ਹੈ ਜੋ ਲੋਕ ਕੌਮੀ ਝੰਡੇ ਦਾ ਨਿਰਾਦਰ ਕਰਦੇ ਹਨ ਉਨ੍ਹਾਂ ਦੇ ਖਿਲਾਫ਼ ਭਾਰਤੀ ਕੌਮੀ ਤਿਰੰਗਾ ਜ਼ਾਬਤਾ ਦੀ ਉਲੰਘਣਾ 2002 ਅਤੇ ਕੌਮੀ ਸਮਮਾਨ ਅਪਮਾਨ ਐਕਟ 1971 ਦੀ ਧਾਰਾ ਦੋ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਜਿਸ ਵਿੱਚ 3 ਸਾਲ ਦੀ ਸਜ਼ਾ ਦੇ ਨਾਲ ਜੁਰਮਾਨੇ ਦੀ ਵੀ ਤਜਵੀਜ਼ ਹੈ ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਗਈ ਹੈ ਪਰ ਨਾਲ ਹੀ ਕਿਹਾ ਗਿਆ ਕਿ ਲੋਕਾਂ ਨੂੰ ਇਸ ਸਬੰਧੀ ਸਾਵਧਾਨੀ ਵੀ ਜ਼ਰੂਰ ਵਰਤਣੀ ਚਾਹੀਦੀ ਹੈ ਤਾਂ ਜੋ ਸਾਡੇ ਕੌਮੀ ਤਿਰੰਗੇ ਦਾ ਕਿਸੇ ਵੀ ਢੰਗ ਦੇ ਨਾਲ ਬੇਅਦਬੀ ਨਾ ਹੋਵੇ।
ਸਿਆਸਤਦਾਨਾਂ ਨੇ ਚੁੱਕੇ ਸਵਾਲ: ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਲੈ ਕੇ ਸਿਆਸਤਦਾਨਾਂ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਨਿਯਮਾਂ ਹਨ। ਉਨ੍ਹਾਂ ਕਿਹਾ ਕਿ ਕਿਤੇ ਜਿਵੇਂ ਕੋਰੋਨਾ ਦੇ ਦੌਰਾਨ ਥਾਲੀਆਂ ਸਜਾਈਆਂ ਗਈਆਂ ਸਨ ਤਾੜੀਆਂ ਵਜਾਈਆਂ ਗਈਆਂ ਸਨ ਉਸੇ ਤਰ੍ਹਾਂ ਇਸ ਮੁਹਿੰਮ ਦੇ ਨਾਲ ਆਪਣੀ ਸਿਆਸਤ ਨੂੰ ਭਾਜਪਾ ਵੱਲੋਂ ਆਪਣੀ ਸਿਆਸਤ ਨੂੰ ਨਹੀਂ ਚਮਕਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਤਿਰੰਗਾ ਸਿਰਫ ਤਿੰਨ ਦਿਨ ਨਹੀਂ ਸਗੋਂ ਹਮੇਸ਼ਾ ਹੀ ਚੜ੍ਹਿਆ ਰਹਿਣਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਤਿੰਨ ਦਿਨ ਲਈ ਲਹਿਰਾਉਣ ਦਾ ਸੁਨੇਹਾ ਦੇ ਕੇ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿਰੰਗੇ ਦੀ ਸ਼ਾਨ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਪਚੱਤਰ ਸਾਲ ਪੂਰੇ ਹੋ ਰਹੇ ਨੇ ਤਾਂ ਕੀ ਚਹੱਤਰ ਸਾਲ ਤੇ ਜਾਂ ਛਿਅੱਤਰ ਸਾਲ ਦੇ ਤਿਰੰਗਾ ਨਹੀਂ ਚੜ੍ਹਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੌਮੀ ਤਿਰੰਗਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਸਿਰਫ ਤਿੰਨ ਦਿਨ ਲਈ ਹੀ ਕਿਉਂ ਚੜ੍ਹਾਇਆ ਜਾਵੇ ਇਹ ਤਾਂ ਹਮੇਸ਼ਾ ਹੀ ਚੜ੍ਹਿਆ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜ੍ਹੇ ਬਿਜਲੀ ਬਿੱਲ ਮੁਆਫ