ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਇਹ ਐਲਾਨ ਕੀਤਾ ਸੀ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ 'ਚ ਹੁਣ ਪੂਰੀਆਂ ਸਵਾਰੀਆਂ ਚੜ੍ਹਾਈਆਂ ਜਾ ਸਕਦੀਆਂ ਹਨ, ਜਿਸ ਤੋਂ ਬਾਅਦ ਹੁਣ ਬੱਸ ਅੱਡਿਆਂ 'ਤੇ ਹਲਚਲ ਮਚ ਗਈ ਹੈ, ਹਾਲਾਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਵਰਕਰਾਂ ਨੇ ਕਿਹਾ ਹੈ ਕਿ ਹਾਲੇ ਤੱਕ ਉਨ੍ਹਾਂ ਨੂੰ ਕੋਈ ਲਿਖਤੀ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਆਇਆ, ਇਸ ਕਰਕੇ ਫਿਲਹਾਲ ਉਹ 50 ਫੀਸਦੀ ਹੀ ਸਵਾਰੀਆਂ ਬੱਸਾਂ ਵਿੱਚ ਚੜ੍ਹਾ ਰਹੇ ਹਨ ਅਤੇ ਨਿੱਜੀ ਬੱਸ ਚਾਲਕਾਂ ਨੂੰ ਵੀ ਅਜਿਹਾ ਹੀ ਕਰਨ ਲਈ ਕਹਿ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਸੋਮਵਾਰ ਨੂੰ ਲੁਧਿਆਣਾ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਪੰਜਾਬ ਰੋਡਵੇਜ ਦੇ ਇੱਕ ਸੁਪਰਵਾਈਜ਼ਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਲਿਖਤੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਹੁਕਮ ਨਹੀਂ ਆਏ, ਜਿਸ ਕਰਕੇ ਉਹ ਪਹਿਲਾਂ ਦੇ ਨਿਯਮਾਂ ਵਾਂਗ ਹੀ ਸਵਾਰੀਆਂ ਚੜ੍ਹਾ ਰਹੇ ਹਨ।
ਇਹ ਵੀ ਪੜੋ: ਸੁਣੋ, ਨਵਜੋਤ ਸਿੱਧੂ ਦੇ ਉੱਪ ਮੁੱਖ ਮੰਤਰੀ ਬਣਨ ਬਾਰੇ ਕੀ ਬੋਲੇ ਕੈਪਟਨ
ਸੁਪਰਵਾਈਜ਼ਰ ਹਰਦੇਵ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਬੱਸਾਂ 'ਚੋਂ ਪੂਰੀਆਂ ਸਵਾਰੀਆਂ ਲਿਜਾਣ ਲਈ ਕਾਫੀ ਪਰੇਸ਼ਾਨੀ ਹੋ ਸਕਦੀ ਹੈ, ਕਿਉਂਕਿ ਕੋਰੋਨਾ ਲਗਾਤਾਰ ਫੈਲ ਰਿਹਾ ਹੈ ਅਜਿਹੇ ਵਿੱਚ ਜੇਕਰ ਆਪਸ ਵਿੱਚ ਫਾਸਲਾ ਨਹੀਂ ਹੋਵੇਗਾ ਤਾਂ ਵੱਡੀ ਮੁਸ਼ਕਿਲ ਹੋ ਸਕਦੀ ਹੈ, ਕੰਡਕਟਰ ਅਤੇ ਬੱਸ ਚਾਲਕ ਵੀ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ। ਉਧਰ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਮੁੱਖ ਮੰਤਰੀ ਪੰਜਾਬ ਦੇ ਫੈਸਲੇ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਬੱਸਾਂ ਵਿੱਚ ਫਾਸਲਾ ਬਣਾਉਣਾ ਜ਼ਰੂਰੀ ਹੈ।