ਲੁਧਿਆਣਾ: ਆਲਮਗੀਰ ਸਾਹਿਬ ਦੇ ਨੇੜੇ ਸਥਿਤ ਬਿਜਲੀ ਦਫ਼ਤਰ ਦਾ ਨੇੜੇ-ਤੇੜੇ ਦੇ ਪਿੰਡ ਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ ਅਤੇ ਸੜਕ ਜਾਮ ਕਰ ਦਿੱਤੀ ਗਈ। ਘਿਰਾਓ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 3 ਦਿਨਾਂ ਤੋਂ ਉਹ ਬਿਜਲੀ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ, ਕਿਉਂਕਿ ਪਿਛਲੇ 3 ਦਿਨਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਨਹੀਂ ਹੈ।
ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਦੋਸ਼ ਲਾਏ ਹਨ ਕਿ ਸ਼ਹਿਰ ਵਿੱਚ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਭ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ, ਪਰ ਪਿੰਡਾਂ ਦੇ ਲੋਕ ਬਿਨਾਂ ਬਿਜਲੀ ਤੋਂ ਹੀ ਆਪਣਾ ਜੀਵਨ ਬਸਰ ਕਰ ਰਹੇ ਹਨ।
ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਮੋਟਰਾਂ ਚਲਾਉਣ ਦੇ ਲਈ ਬਿਜਲੀ ਨਹੀਂ ਆ ਰਹੀ, ਜਿਸ ਕਰ ਕੇ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਬਿਜਾਈ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਫ਼ਸਲ ਨੂੰ ਆਖ਼ਰੀ ਪਾਣੀ ਦੀ ਲੋੜ ਹੈ ਜਦ ਕਿ ਮੋਟਰਾਂ ਚਲਾਉਣ ਦੇ ਲਈ ਲਾਈਟ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਉਹ ਬਿਜਲੀ ਦਫਤਰ ਪਹੁੰਚੇ ਤਾਂ ਐੱਸ.ਡੀ.ਓ ਨੇ ਜਵਾਬ ਦਿੱਤਾ ਕਿ 3 ਦਿਨਾਂ ਬਾਅਦ ਦੋ ਘੰਟੇ ਲਈ ਬਿਜਲੀ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਕਹਿ ਰਿਹਾ ਹੈ ਕਿ ਫ਼ੈਕਟਰੀਆਂ ਨੂੰ ਉਹ ਬਿਜਲੀ ਦੇ ਰਹੇ ਹਨ। ਪਰ ਕਿਸਾਨਾਂ ਨੂੰ 3 ਦਿਨ ਬਾਅਦ ਸਿਰਫ਼ ਦੋ ਘੰਟੇ ਹੀ ਬਿਜਲੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਤਾਂ ਸਾਰੇ ਦੇ ਸਾਰੇ ਅਫ਼ਸਰ ਭੱਜ ਗਏ।