ਖੰਨਾ : ਪਾਇਲ ਦੇ ਕਸਬਾ ਮਲੌਦ ਵਿਖੇ ਇੱਕ ਨਿੱਜੀ ਬੱਸ 'ਚ ਗਾਣੇ ਚਲਾਉਣ ਤੋਂ ਭੜਕੇ ਨਿਹੰਗ ਸਿੰਘ ਨੇ ਕਿਰਪਾਨ ਦੇ ਨਾਲ ਬੱਸ ਡਰਾਈਵਰ ਉਪਰ ਹਮਲਾ ਕਰ ਦਿੱਤਾ। ਕਿਰਪਾਨ ਡਰਾਈਵਰ ਦੇ ਸਿਰ 'ਚ ਵੱਜਣ ਨਾਲ ਉਹ ਲਹੂਲੁਹਾਨ ਹੋ ਗਿਆ, ਜਿਸਨੂੰ ਦੇਖ ਕੇ ਨਿਹੰਗ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ। ਨਿਹੰਗ ਸਿੰਘ ਨੇ ਪਹਿਲਾਂ ਕਿਰਾਏ ਨੂੰ ਲੈ ਕੇ ਕੰਡਕਟਰ ਨਾਲ ਵੀ ਬਹਿਸ ਕੀਤੀ। ਦੂਜੇ ਪਾਸੇ ਗੰਭੀਰ ਜ਼ਖ਼ਮੀ ਹੋਏ ਬੱਸ ਡਰਾਈਵਰ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ।
ਪਹਿਲਾਂ ਕਿਰਾਏ ਨੂੰ ਲੈ ਕੇ ਕੰਡਕਟਰ ਨਾਲ ਖਹਿਬੜਿਆ ਸੀ ਨਿਹੰਗ ਸਿੰਘ : ਪਿੰਡ ਲਸੋਈ ਦੇ ਰਹਿਣ ਵਾਲੇ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਦੀ ਬੱਸ ਚਲਾਉਂਦਾ ਹੈ, ਜਿਸਦਾ ਰੂਟ ਰਾੜਾ ਸਾਹਿਬ ਤੋਂ ਮਲੇਰਕੋਟਲਾ ਤੱਕ ਹੈ। ਰਾੜਾ ਸਾਹਿਬ ਤੋਂ ਇੱਕ ਨਿਹੰਗ ਸਿੰਘ ਬੱਸ 'ਚ ਚੜ੍ਹਿਆ ਜਿਸਨੇ ਮਲੌਦ ਜਾਣਾ ਸੀ। ਨਿਹੰਗ ਸਿੰਘ ਨੇ ਪਹਿਲਾਂ ਕਿਰਾਏ ਨੂੰ ਲੈ ਕੇ ਕੰਡਕਟਰ ਦੇ ਨਾਲ ਬਹਿਸ ਕੀਤੀ। ਇਸ ਉਪਰੰਤ ਜਦੋਂ ਬੱਸ ਮਲੌਦ ਪੁੱਜੀ ਤਾਂ ਨਿਹੰਗ ਸਿੰਘ ਪਿਛਲੀ ਖਿੜਕੀ 'ਚੋਂ ਗੁੱਸੇ ਨਾਲ ਉਤਰਿਆ ਅਤੇ ਆਉਂਦੇ ਸਾਰ ਹੀ ਬੱਸ ਦੇ ਅੱਗੇ ਕਿਰਪਾਨ ਲੈ ਕੇ ਖੜ੍ਹ ਗਿਆ। ਜਦੋਂ ਉਸਨੇ ਨਿਹੰਗ ਸਿੰਘ ਨੂੰ ਕਿਹਾ ਕਿ ਉਸਦਾ ਸਮਾਂ ਹੋ ਰਿਹਾ ਹੈ ਤਾਂ ਨਿਹੰਗ ਸਿੰਘ ਨੇ ਉਸਦੀ ਖਿੜਕੀ ਚੋਂ ਕਿਰਪਾਨ ਨਾਲ ਉਸ ਉਪਰ ਹਮਲਾ ਕਰ ਦਿੱਤਾ। ਉਹ ਖਿੜਕੀ ਖੋਲ੍ਹ ਕੇ ਥੱਲੇ ਉਤਰਿਆ ਤਾਂ ਨਿਹੰਗ ਸਿੰਘ ਨੇ ਕਿਰਪਾਨ ਨਾਲ ਉਸਦੇ ਸਿਰ 'ਚ ਹਮਲਾ ਕਰ ਦਿੱਤਾ।
- ਦਲਿਤ ਵਿਅਕਤੀ ਨੂੰ ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ, ਵੀਡਿਓ ਵਾਇਰਲ
- Gurmeet Singh Khuddian: ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਉਤੇ ਬੋਲੇ ਮੰਤਰੀ ਗੁਰਮੀਤ ਖੁੱਡੀਆਂ- "ਤਨਦੇਹੀ ਨਾਲ ਕਰਾਂਗਾ ਕੰਮ"
- Ludhiana Theft Case: ਭਾਜਪਾ ਆਗੂ ਦੇ ਘਰ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਤਿੰਨ ਮਾਮਲਿਆਂ ਦੇ ਵਿੱਚ ਸੀ ਭਗੌੜਾ
ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਨਿਹੰਗ ਸਿੰਘ ਨੂੰ ਕੀਤਾ ਕਾਬੂ : ਉਸਨੂੰ ਲਹੂਲੁਹਾਨ ਦੇਖ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਰੌਲਾ ਪਾ ਦਿੱਤਾ। ਲੋਕ ਇਕੱਠੇ ਹੋ ਗਏ ਅਤੇ ਮੌਕੇ ਤੋਂ ਭੱਜਣ ਲੱਗੇ, ਨਿਹੰਗ ਸਿੰਘ ਨੂੰ ਕਾਬੂ ਕੀਤਾ। ਜੇਕਰ ਨਿਹੰਗ ਸਿੰਘ ਨੂੰ ਨਾ ਫੜਿਆ ਜਾਂਦਾ ਤਾਂ ਕਿਸੇ ਹੋਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ। ਡਰਾਈਵਰ ਜਗਸੀਰ ਸਿੰਘ ਨੇ ਕਿਹਾ ਕਿ ਬੱਸ ਵਿੱਚ ਨਾ ਤਾਂ ਅਸ਼ਲੀਲ ਗਾਣੇ ਚੱਲ ਰਹੇ ਸੀ ਅਤੇ ਨਾ ਹੀ ਆਵਾਜ਼ ਉੱਚੀ ਸੀ। ਫਿਰ ਵੀ ਪਤਾ ਨਹੀਂ ਕਿਉਂ ਨਿਹੰਗ ਸਿੰਘ ਨੇ ਅਜਿਹਾ ਕੀਤਾ। ਬੱਸ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਪਰਮਿੰਦਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਪਹਿਲਾਂ ਹੀ ਗੁੱਸੇ 'ਚ ਸੀ ਅਤੇ ਉਸਨੇ ਮਲੌਦ ਜਾ ਕੇ ਡਰਾਈਵਰ ਉਪਰ ਹਮਲਾ ਕਰ ਦਿੱਤਾ। ਸਾਰੀ ਗਲਤੀ ਨਿਹੰਗ ਸਿੰਘ ਦੀ ਹੈ। ਬੱਸ 'ਚ ਕੋਈ ਸਪੀਕਰ ਨਹੀਂ ਲੱਗਿਆ ਸੀ। ਡਰਾਈਵਰ ਆਪਣੇ ਮੋਬਾਇਲ ਉਪਰ ਹੀ ਗਾਣੇ ਸੁਣ ਰਿਹਾ ਸੀ ਜਿਸਦਾ ਅੱਜ ਤੱਕ ਕਿਸੇ ਹੋਰ ਸਵਾਰੀ ਨੇ ਕਦੇ ਵਿਰੋਧ ਨਹੀਂ ਕੀਤਾ।
ਪੁਲਿਸ ਦੀ ਕਾਰਵਾਈ : ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮਲੌਦ ਥਾਣਾ ਤੋਂ ਪੁਲਿਸ ਟੀਮ ਵੀ ਮੌਕੇ 'ਤੇ ਪੁੱਜ ਗਈ ਸੀ। ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜਾ ਕੇ ਨਿਹੰਗ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ। ਉਸ ਕੋਲੋਂ ਕਿਰਪਾਨ ਤੇ ਲੋਹੇ ਦਾ ਗੋਲਾ ਬਰਾਮਦ ਕੀਤਾ ਗਿਆ, ਜਿਸ ਨਾਲ ਡਰਾਈਵਰ ਉਪਰ ਹਮਲਾ ਕੀਤਾ ਗਿਆ ਸੀ। ਜ਼ਖ਼ਮੀ ਡਰਾਈਵਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪੁਲਸ ਬਣਦੀ ਕਾਰਵਾਈ ਕਰ ਰਹੀ ਹੈ।