ਖੰਨਾ: ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਟੋਭੇ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਵਰਤਿਆ ਜਾਂਦਾ ਹੈ। ਜੇ ਇਨ੍ਹਾਂ ਦੀ ਸਮੇਂ ਤੇ ਸਫ਼ਾਈ ਨਾ ਕਰਵਾਈ ਜਾਵੇ ਤਾਂ ਇਹ ਟੋਭੇ ਗੰਦਗੀ ਅਤੇ ਬਿਮਾਰੀਆਂ ਵੀ ਪੈਦਾ ਕਰ ਦਿੰਦੇ ਹਨ।
ਇਸੇ ਤਹਿਤ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਸ਼ਮਸਪੁਰ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਕਿ 40 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਕਰਵਾਈ ਗਈ ਹੈ।ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਟੋਭੇ ਦੀ ਭਾਵੇਂ ਪਹਿਲਾਂ ਵੀ ਥੋੜ੍ਹੀ ਸਫ਼ਾਈ ਕੀਤੀ ਗਈ ਸੀ ਪਰ ਪੂਰੀ ਤਰ੍ਹਾਂ ਸਫ਼ਾਈ ਪਹਿਲੀ ਵਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਤੋਂ ਬਾਅਦ ਟੋਭੇ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦਿੱਤਾ ਜਾਵੇਗਾ।
ਪਿੰਡ ਦੇ ਸਰਪੰਚ ਨੇ ਟੋਭੇ ਦੀ ਸਫ਼ਾਈ ਦੇ ਲਈ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਮਾਜ ਸੇਵੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਟੋਭਾ ਬਹੁਤ ਸਮੇਂ ਤੋਂ ਗੰਦਾ ਪਿਆ ਸੀ ਅਤੇ ਇਸ ਨਾਲ ਕਈ ਬਿਮਾਰੀਆਂ ਦੇ ਫੈਲਣ ਦਾ ਵੀ ਖਤਰਾ ਬਣ ਗਿਆ ਸੀ। ਟੋਭੇ ਦੀ ਸਫ਼ਾਈ ਨਾਲ ਹੁਣ ਬਿਮਾਰੀਆਂ ਦੇ ਫੈਲਣ ਦਾ ਡਰ ਘੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਪਿੰਡਾਂ ਦੇ ਟੋਭਿਆਂ ਦੀ ਸਫਾਈ ਦੀ ਕੰਮ ਹਰ ਸਾਲ ਕੀਤਾ ਜਾਵੇ।