ਲੁਧਿਆਣਾ: ਦੁਨੀਆਂ ਦੀ ਹਰ ਖੇਡ ਦੇ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ਅਤੇ ਰਿਕਾਰਡ ਤੋੜੂ ਜਿੱਤਾਂ ਵੀ ਦਰਜ ਕੀਤੀਆਂ ਹਨ। ਪੰਜਾਬ ਦੇ ਗੁਰਦਾਸਪੁਰ ਵਿੱਚ ਕਾਦੀਆ ਦਾ ਰਹਿਣ ਵਾਲਾ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਐੱਨਬੀਏ ਦੇ ਲਈ ਚੋਣ ਹੋਈ ਹੈ। ਪ੍ਰਿੰਸੀਪਲ ਸਿੰਘ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਿੰਸਪਾਲ ਦੀ ਇਸ ਚੋਣ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਪ੍ਰਿੰਸਪਾਲ ਨੂੰ ਵਧਾਈ ਵੀ ਦਿੱਤੀ ਹੈ।
ਪ੍ਰਿੰਸਪਾਲ ਦੇ ਕੋਚ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ 14 ਸਾਲ ਦਾ ਸੀ, ਜਦੋਂ ਉਹ ਉਨ੍ਹਾਂ ਕੋਲ ਆਇਆ ਸੀ। ਉਨ੍ਹਾਂ ਦੱਸਿਆ ਕਿ ਪ੍ਰਿੰਸਪਾਲ ਦਾ ਕੱਦ 6 ਫ਼ੁੱਟ 10 ਇੰਚ ਹੈ ਅਤੇ ਉਹ ਹੁਣ ਤੱਕ ਭਾਰਤ ਦੇ ਲਈ ਵੀ ਖੇਡ ਚੁੱਕਿਆ ਹੈ। ਹੁਣ ਉਸ ਦੀ ਉਮਰ 19 ਸਾਲ ਦੀ ਹੈ ਅਤੇ ਉਹ ਐੱਨਬੀਏ ਲਈ ਚੁਣਿਆ ਗਿਆ ਹੈ।
ਕੋਚ ਧਾਲੀਵਾਲ ਨੇ ਪ੍ਰਿੰਸਪਾਲ ਨੂੰ ਵੀਡੀਓ ਕਾਲ ਰਾਹੀਂ ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕੋਚ ਧਾਲੀਵਾਲ ਨੇ ਹੀ ਪ੍ਰਿੰਸਪਾਲ ਨੂੰ ਬਾਸਕਿਟਬਾਲ ਨਾਲ ਜੋੜਿਆ ਸੀ ਅਤੇ ਉਹ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ। ਕੋਚ ਦਾ ਕਹਿਣਾ ਹੈ ਕਿ ਸਾਡੇ ਸਮਾਜ, ਸਰਕਾਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਕਦੇ ਸੋਚਿਆ ਹੀ ਨਹੀਂ ਕਿ ਉਨ੍ਹਾਂ ਦੇ ਬੱਚੇ ਖੇਡਾਂ ਵਿੱਚ ਅੱਗੇ ਵਧਣ। ਕੋਚ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਅੱਜ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ।
ਪ੍ਰਿੰਸਪਾਲ ਨੇ ਪੰਜਾਬ ਦੇ ਹੋਰਨਾਂ ਨੌਜਵਾਨਾਂ ਨੂੰ ਜੀਅ-ਜਾਨ ਨਾਲ ਖੇਡਣ ਅਤੇ ਖੇਡਾਂ ਪ੍ਰਤੀ ਰੁੱਚੀ ਪੈਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡੋ ਅਤੇ ਤੰਦਰੁਸਤ ਰਹੋ ਤਾਂ ਹੀ ਤੁਸੀਂ ਵਧੀਆ ਜ਼ਿੰਦਗੀ ਜੀਅ ਸਕਦੇ ਹੋ।