ਲੁਧਿਆਣਾ: ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਇੱਕ ਪਾਸੇ ਅਕਾਲੀ ਦਲ ਵੱਲੋਂ ਇਸ ਦੇ ਹੱਕ 'ਚ ਮੁਜ਼ਾਹਰੇ ਦਿੱਤੇ ਗਏ ਸਨ ਉਥੇ ਹੀ ਦੁਜੇ ਪਾਸੇ ਇਸ ਫ਼ੈਸਲਾ ਦਾ ਜਮ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਸ੍ਰੀ ਹਿੰਦੂ ਤਖ਼ਤ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜੋਆਣਾ ਅਤੇ ਹਵਾਰਾ ਦੇ ਪੋਸਟਰ ਫੂਕੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਿੰਦੂ ਤਖ਼ਤ ਦੇ ਮੁੱਖ ਪ੍ਰਚਾਰਕ ਵਰੂਣ ਮਹਿਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਇਸ ਮਾਮਲੇ ਤੇ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ-ਨਾਲ ਉਸ ਵੇਲੇ 16 ਹੋਰ ਬੇਗੁਨਾਹ ਲੋਕਾਂ ਦੀ ਮੌਤ ਹੋਈ ਸੀ, ਜਿਸ ਲਈ ਰਾਜੋਆਣਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਬਿਲਕੁਲ ਗਲ਼ਤ ਹੈ।
ਮੋਦੀ ਅਮਰੀਕਾ ਵਿੱਚ ਕਰਦੇ ਹਨ ਵਿਰੋਧ ਤੇ ਭਾਰਤ ਪਰਤ ਕਰਦੇ ਹਨ ਅੱਤਵਾਦ ਦੀ ਹਿਮਾਇਤ!
ਵਰੂਣ ਮਹਿਤਾ ਨੇ ਮੋਦੀ ਸਰਕਾਰ 'ਤੇ ਤੰਜ ਕੱਸਦੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਪਾਸੇ ਤਾਂ ਅਮਰੀਕਾ ਜਾ ਕੇ ਅੱਤਵਾਦ ਵਿਰੁੱਧ ਆਵਾਜ਼ ਚੁੱਕਦੇ ਹਨ ਤੇ ਦੂਜੇ ਪਾਸੇ ਭਾਰਤ ਪਰਤ ਕੇ ਆਪਣੇ ਹੀ ਦੇਸ਼ ਵਿੱਚ ਅੱਤਵਾਦਿਆਂ ਪ੍ਰਤੀ ਹਮਦਰਦੀ ਜਤਾ ਰਹੇ ਹਨ।
ਉਥੇ ਹੀ ਅਮਿਤ ਸ਼ਾਹ ਬਾਰੇ ਬੋਲਦਿਆਂ ਵਰੂਣ ਨੇ ਕਿਹਾ ਕਿ ਸ਼ਾਹ ਇੱਕ ਪਾਸੇ ਤਾਂ ਜੰਮੂ ਕਸ਼ਮੀਰ ਵਿੱਚੋਂ ਅੱਤਵਾਦੀਆਂ ਦਾ ਸਫਾਇਆ ਕਰਨ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਪੰਜਾਬ ਵਿੱਚ ਅੱਤਵਾਦ ਦਾ ਸਫਾਇਆ ਕਰਨ ਵਾਲੇ ਬੇਅੰਤ ਸਿੰਘ ਦੇ ਕਾਤਲਾਂ ਦੀ ਸਜ਼ਾ ਵਿੱਚ ਤਬਦੀਲੀ ਕਰ ਕੇ ਸਿਆਸੀ ਦਾਅ ਖੇਡ ਰਹੇ ਹਨ। ਸਰਕਾਰ ਵੱਲੋਂ ਇਸ ਫ਼ੈਸਲੇ ਨੂੰ ਵਾਪਸ ਲੈ ਲੈਣਾ ਚਾਹਿਦਾ ਹੈ।