ਲੁਧਿਆਣਾ : ਕਾਰਪੋਰੇਸ਼ਨ ਵੱਲੋਂ ਅੱਜ ਦੋ ਦਰਜਨ ਤੋਂ ਵੱਧ ਦੁਕਾਨਾਂ 'ਤੇ ਨੋਟਿਸ ਚਿਪਕਾ ਕੇ ਉਹਨਾਂ ਨੂੰ ਸੀਲ ਕਰ ਦਿੱਤਾ । ਇਹ ਦੁਕਾਨਾਂ ਲੁਧਿਆਣਾ ਦੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਮਾਡਲ ਟਾਊਨ ਇਲਾਕੇ ਦੇ ਵਿੱਚ ਮੌਜੂਦ ਸਨ ਅਤੇ ਲਗਭਗ 10 ਸਾਲ ਤੋਂ ਇਹ ਦੁਕਾਨਾਂ ਚੱਲ ਰਹੀਆਂ ਹਨ । ਅੱਜ ਜਦੋਂ ਇਸ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੌਕੇ 'ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਅਤੇ ਜਦੋਂ ਅਧਿਕਾਰੀ ਨਹੀਂ ਪਹੁੰਚੇ ਤਾਂ ਵਿਧਾਇਕ ਨੇ ਖੁਦ ਚਾਬੀਆਂ ਮੰਗਵਾ ਕੇ ਇਹ ਦੁਕਾਨਾਂ ਖੁੱਲ੍ਹਵਾਈਆਂ। ਉਹਨਾਂ ਕਿਹਾ ਕਿ ਦੇ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ।
ਦੁਕਾਨਾਂ ਸੀਲ ਕਰਨਾ ਹੱਲ ਨਹੀਂ : ਐਮ ਐਲ ਏ ਨੇ ਕਿਹਾ ਕਿ ਇਹ ਦੁਕਾਨਾਂ ਉਨ੍ਹਾਂ ਦੀ ਸਰਕਾਰ ਦੇ ਸਮੇਂ ਨਹੀਂ ਸਗੋਂ ਪਿਛਲੀ ਸਰਕਾਰ ਦੇ ਵਿੱਚ ਬਣਾਈਆਂ ਗਈਆਂ ਸਨ। ਹੁਣ ਜੇ ਕੋਈ ਨਵੀਂ ਗੈਰ ਕਾਨੂੰਨੀ ਉਸਾਰੀ ਹੋਵੇਗੀ ਤਾਂ ਉਸ ਨੂੰ ਤੁਰੰਤ ਰੋਕਿਆ ਜਾਵੇ । ਇਸ ਤਰ੍ਹਾਂ ਇੱਕਦਮ ਦੁਕਾਨਾਂ ਸੀਲ ਕਰਨਾ ਕਿਸੇ ਵੀ ਮਸਲੇ ਦਾ ਸਾਰਥਕ ਹੱਲ ਨਹੀਂ ਹੈ। ਅਚਾਨਕ ਇਸ ਤਰ੍ਹਾਂ ਲੋਕਾਂ ਦੇ ਕੰਮਕਾਰ ਨਹੀਂ ਬੰਦ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਜਦੋਂ ਇਹ ਦੁਕਾਨਾਂ ਬਣ ਰਹੀਆਂ ਸਨ ਉਦੋਂ ਨਗਰ ਨਿਗਮ ਨੇ ਧਿਆਨ ਕਿਉਂ ਨਹੀਂ ਦਿੱਤਾ। ਐਮਐਲਏ ਨੇ ਅੱਗੇ ਕਿਹਾ ਕਿ ਇਹ ਉਹਨਾਂ ਦਾ ਹਲਕਾ ਹੈ ਅਤੇ ਉਹਨਾਂ ਦੇ ਹਲਕੇ ਵਿੱਚ ਵਪਾਰੀ ਲੋਕ ਜਿਆਦਾ ਰਹਿੰਦੇ ਹਨ ਇਸ ਕਰਕੇ ਕਿਸੇ ਦਾ ਕੰਮ ਕਾਰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
ਐਮਐਲਏ ਦਾ ਧੰਨਵਾਦ: ਇਸ ਮਸਲੇ ਦਾ ਹੱਲ ਹੋਣ ਅਤੇ ਮੁੜ ਤੋਂ ਦੁਕਾਨਦਾਰਾਂ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਐਮ.ਐਲ.ਏ ਦਾ ਧੰਨਵਾਦ ਕੀਤਾ ਗਿਆ। ਦੁਕਾਨਦਾਰਾਂ ਨੇ ਆਖਿਆ ਕਿ ਅੱਜ ਮੁੜ ਤੋਂ ਐਮ.ਐਲ.ਏ ਕਾਰਨ ਉਹਨਾਂ ਦੀ ਰੋਟੀ ਰੋਜ਼ੀ ਚੱਲੀ ਹੈ।