ਲੁਧਿਆਣਾ: ਮੌਸਮ ਵਿਭਾਗ ਵੱਲੋਂ ਅੱਜ ਤੋਂ ਉੱਤਰੀ ਭਾਰਤ ‘ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਐਤਵਾਰ ਦੁਪਹਿਰ ਬਾਅਦ ਇਕ ਵਾਰ ਮੁੜ ਪੂਰੇ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ ਤੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨਾਂ ਮੀਂਹ ਪੈ ਸਕਦਾ ਹੈ।
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ ਵਿਚ ਤਿੰਨ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਏਕੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਮੌਨਸੂਨ ਨੇ ਸਰਗਰਮੀ ਘਟਾਈ ਹੋਈ ਹੈ ਪਰ ਐਤਵਾਰ ਨੂੰ ਇਕ ਵਾਰ ਦੁਬਾਰਾ ਮੌਨਸੂਨ ਸਰਗਰਮ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਮੌਨਸੂਨ ਕਾਫ਼ੀ ਸ਼ਕਤੀਸ਼ਾਲੀ ਹੈ ਜਿਸ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਜਲੰਧਰ ਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ ਜਦਕਿ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਆਮ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।
ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਤਿੰਨ ਦਿਨ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਵਿਚ ਭਾਰੀ ਮੀਂਹ ਪੈ ਸਕਦਾ ਹੈ।
ਇੱਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਯਾਨੀ ਸ਼ਨੀਵਾਰ ਨੂੰ ਸੂਬੇ ਵਿਚ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਦੇ ਚੱਲਦਿਆਂ ਲੋਕ ਗਰਮੀ ਤੋਂ ਪਰੇਸ਼ਾਨ ਦਿਖਾਈ ਦਿੱਤੇ। ਇਸ ਦੌਰਾਨ ਲੁਧਿਆਣੇ ਦਾ ਤਾਪਮਾਨ 36.3, ਅੰਮ੍ਰਿਤਸਰ 'ਚ 35.6, ਬਠਿੰਡੇ 'ਚ 30.5 ਤੇ ਪਟਿਆਲੇ ਦਾ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਮਹਾਰਾਸ਼ਟਰ 'ਚ ਕਾਲ ਬਣਕੇ ਵਰ੍ਹਿਆ ਮੀਂਹ, ਹੁਣ ਤੱਕ 112 ਲੋਕਾਂ ਦੀ ਮੌਤ