ਲੁਧਿਆਣਾ: ਜ਼ਿਲ੍ਹੇ 'ਚ ਇਨ੍ਹੀਂ ਦਿਨੀਂ ਲਾਈਸੈਂਸ ਬਣਾਉਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੋਟੋ ਖਿਚਵਾਉਣ ਦੇ ਬਾਵਜੂਦ ਚਾਰ-ਚਾਰ ਮਹੀਨੇ ਆਪਣੇ ਲਾਇਸੈਂਸ ਬਣਨ ਦੀ ਉਡੀਕ ਲੋਕਾਂ ਨੂੰ ਕਰਨੀ ਪੈ ਰਹੀ ਹੈ। ਇਸ ਕਰਕੇ ਲੁਧਿਆਣਾ ਲਾਈਸੈਂਸ ਅਥਾਰਿਟੀ ਦੇ ਬਾਹਰ ਲੰਮੀਆਂ ਲੰਮੀਆਂ ਕਤਾਰਾਂ ਲਾ ਕੇ ਆਪਣੀ ਉਡੀਕ ਕਰਨੀ ਪੈਂਦੀ ਹੈ। ਇੱਥੇ ਨਾ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਹੋ ਰਹੀ ਹੈ ਅਤੇ ਨਾ ਹੀ ਮੌਕੇ 'ਤੇ ਅਫ਼ਸਰ ਮੌਜੂਦ ਰਹਿੰਦੇ ਹਨ। ਇਸ ਕਰਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਮਹੀਨੇ ਚੱਕਰ ਲਾਉਣ ਦੇ ਬਾਵਜੂਦ ਵੀ ਲਾਈਸੈਂਸ ਨਹੀਂ ਮਿਲ ਰਹੇਂ ਹਨ।
ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸੇ ਨੂੰ ਲਾਇਸੈਂਸ ਬਣਾਉਣ ਵਿੱਚ 4 ਮਹੀਨੇ ਲੱਗ ਚੁੱਕੇ ਹਨ ਅਤੇ ਕਿਸੇ ਨੂੰ 9 ਮਹੀਨੇ ਅਤੇ ਕਈਆਂ ਦਾ ਤਾਂ ਹਾਲੇ ਤੱਕ ਲਾਈਸੈਂਸ ਬਣ ਕੇ ਨਹੀਂ ਆਇਆ ਜਿਨ੍ਹਾਂ ਨੇ ਜੂਨ-ਜੁਲਾਈ ਦੇ ਵਿੱਚ ਲਾਈਸੈਂਸ ਅਪਲਾਈ ਕੀਤਾ ਸੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਚੱਕਰ ਕੱਟਣੇ ਪੈਂਦੇ ਹਨ ਅਤੇ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।
ਉੱਧਰ ਦੂਜੇ ਪਾਸੇ ਲਾਈਸੈਂਸ ਅਥਾਰਿਟੀ ਦੇ ਦਫ਼ਤਰ ਪਹੁੰਚੇ ਤਾਂ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸੀ, ਦਫਤਰ ਨੂੰ ਤਾਲੇ ਲੱਗੇ ਹੋਏ ਸਨ। ਜਦੋਂ ਕਿ ਬਾਹਰ ਲੋਕਾਂ ਦੀ ਕਤਾਰਾਂ ਲੱਗੀਆਂ ਹੋਈਆਂ ਸਨ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਟ੍ਰੈਫਿਕ ਮਾਹਰ ਕਮਲਜੀਤ ਸੋਹੀ ਨੇ ਦੱਸਿਆ ਕਿ ਜਿਸ ਕੰਪਨੀ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਲਾਇਸੈਂਸ ਬਣਾਉਣ ਦਾ ਠੇਕਾ ਦਿੱਤਾ ਗਿਆ ਹੈ। ਉਸ ਕੰਪਨੀ ਦੇ 6 ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਾਮਲੇ ਦਰਜ ਹਨ। ਕੰਪਨੀ 'ਤੇ ਧਾਂਦਲੀਆਂ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਲੋਕ ਪ੍ਰੇਸ਼ਾਨ ਹੋ ਰਹੇ ਹਨ, ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਅਤੇ ਇਸ ਲਈ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ।
ਇੱਕ ਪਾਸੇ ਲਗਾਤਾਰ ਲੋਕ ਆਪਣੇ ਲਾਈਸੈਂਸ ਬਣਾਉਣ ਲਈ ਦਫਤਰ ਦੇ ਚੱਕਰ ਲਗਾ ਰਹੇ ਹਨ, ਉੱਥੇ ਹੀ ਸੀਨੀਅਰ ਅਫ਼ਸਰ ਨਾ ਤਾਂ ਮੌਕੇ 'ਤੇ ਮੌਜੂਦ ਹਨ ਅਤੇ ਨਾ ਹੀ ਇਸ ਦੀ ਕੋਈ ਜ਼ਿੰਮੇਵਾਰੀ ਲੈ ਰਹੇ ਹਨ। ਜਦੋਂ ਕਿ ਲੋਕ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਕਤਾਰਾਂ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਉਨ੍ਹਾਂ ਕਿਹਾ ਕਿ ਫੋਟੋਆਂ ਖਿਚਵਾਉਣ ਦੇ ਬਾਵਜੂਦ ਕਈ ਕਈ ਮਹੀਨੇ ਲਾਈਸੈਂਸ ਬਣਨ ਦੀ ਉਡੀਕ ਕਰ ਰਹੇ ਹਨ।