ਲੁਧਿਆਣਾ: ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਖ਼ਾਸ ਕਰ ਲੁਧਿਆਣਾ ਦੇ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਵਿੱਚ ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹੇ ਮਰੀਜ਼ਾਂ ਨੂੰ ਸਭ ਤੋਂ ਵੱਧ ਲੋੜ ਆਕਸੀਜਨ ਦੀ ਪੈ ਰਹੀ ਹੈ। ਲੁਧਿਆਣਾ ਦੇ ਵਿੱਚ ਵੈਲਟੈਕ ਲਿਮੀਟਡ ਨਾਂਅ ਦੀ ਕੰਪਨੀ ਨਾ ਸਿਰਫ਼ ਪ੍ਰਾਪਤ ਮਾਤਰਾ 'ਚ ਆਕਸੀਜਨ ਹਸਪਤਾਲਾਂ ਤੱਕ ਪਹੁੰਚਾ ਰਹੀ ਹੈ ਸਗੋਂ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਆਕਸੀਜਨ ਸਿਲੰਡਰ ਮੁਹੱਈਆ ਵੀ ਕਰਵਾ ਰਹੀ ਹੈ।
ਲੋਕਾਂ ਦੀ ਸੇਵਾ ਕਰਨ ਦਾ ਵੀ ਟੀਚਾ
ਕੰਪਨੀ ਦੇ ਮੁਖੀ ਜਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਬੇਟੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਹੋਈ ਹੈ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਵੱਲੋਂ ਆਕਸੀਜਨ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 10-20 ਸਿਲੰਡਰ ਉਹ ਅਕਸਿਜਨ ਦੇ ਮੁਫ਼ਤ ਵਿੱਚ ਵੀ ਲੋਕਾਂ ਨੂੰ ਦੇ ਰਹੇ ਹਨ ਤਾਂ ਜੋ ਕਿਸੇ ਵਿਅਕਤੀ ਦੀ ਆਕਸੀਜਨ ਨਾਲ ਮੌਤ ਨਾ ਹੋਵੇ।
ਜਤਿੰਦਰ ਪਾਲ ਸਿੰਘ ਅਤੇ ਉਹਨਾਂ ਦੇ ਬੇਟੇ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਹੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਆਕਸੀਜਨ ਦੀ ਕਿੱਲਤ ਜ਼ਰੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਆਕਸੀਜਨ ਬੇਹੱਦ ਜ਼ਰੂਰੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਘਟਾ ਮੈਡੀਕਲ ਆਕਸੀਜਨ ਵਧਾ ਦਿੱਤੀ।
ਸਿਲੰਡਰ ਦਾ ਮੁੱਲ ਅਤੇ ਗੈਸ ਬਣਾਉਣ ਦੀ ਪ੍ਰਕਿਰਿਆ
ਇਸ ਦੌਰਾਨ ਉਨ੍ਹਾਂ ਨੇ ਆਕਸੀਜਨ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ। ਗਗਨਦੀਪ ਨੇ ਦੱਸਿਆ ਕਿ ਇੱਕ ਸਿਲੰਡਰ ਦੀ ਕੀਮਤ 100-200 ਰੁਪਏ ਤੱਕ ਦੀ ਹੈ ਅਤੇ ਉਹ ਇਨ੍ਹਾਂ ਕੀਮਤਾਂ 'ਤੇ ਹੀ ਅੱਗੇ ਆਕਸੀਜਨ ਹਸਪਤਾਲਾਂ ਤੱਕ ਸਪਲਾਈ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਡੀਲਰਾਂ ਨੂੰ ਵੀ ਉਨ੍ਹਾਂ ਨੇ ਸਖ਼ਤ ਹਦਾਇਤਾਂ ਦਿੱਤੀਆਂ ਕਿ ਆਕਸੀਜ਼ਨ ਦੀਆਂ ਕੀਮਤਾਂ ਨਾ ਵਧਾਈਆਂ ਜਾਣ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿੱਚ ਉਹ 600-700 ਦੇ ਕਰੀਬ ਦਿਨ-ਰਾਤ ਕੰਮ ਕਰ ਸਿਲੰਡਰ ਬਣਾ ਲੈਂਦੇ ਨੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਆਕਸੀਜਨ ਦੀ ਸਮੱਸਿਆ ਨਾ ਆਵੇ ਇਸ ਕਰਕੇ ਵਿਸ਼ੇਸ਼ ਪੁਆਇੰਟ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਅਸਾਨੀ ਨਾਲ ਆਕਸੀਜਨ ਮਿਲ ਸਕੇ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਇਲਾਵਾ ਉਹਨਾਂ ਕੋਲ ਹੋਰਨਾਂ ਥਾਵਾਂ 'ਤੇ ਵੀ ਆਕਸੀਜਨ ਸਪਲਾਈ ਕਰਨ ਦਾ ਪੂਰਾ ਸਟਾਕ ਮੌਜੂਦ ਹੈ।
ਇਸ ਤਰ੍ਹਾਂ ਵੈਲਟੇਕ ਕੰਪਨੀ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਅਤੇ ਘੱਟ ਰੇਟਾਂ 'ਤੇ ਆਕਸੀਜਨ ਸਿਲੰਡਰ ਮੁਹੀਆ ਕਰਵਾਏ ਜਾਣਾ ਜਿੱਥੇ ਸ਼ਲਾਘਾਯੋਗ ਕਦਮ ਹੈ ਉੱਥੇ ਹੀ ਗਗਨਦੀਪ ਅਤੇ ਜਤਿੰਦਰਪਾਲ ਸਿੰਘ ਦੀ ਸੋਚ ਦੂਜਿਆਂ ਨੂੰ ਪ੍ਰੇਰਤ ਕਰਦੀ ਹੈ ।