ਲੁਧਿਆਣਾ: ਲੋਕ ਅਕਸਰ ਪਾਲਤੂ ਜਾਨਵਰਾਂ ਵਿੱਚ ਦਿਲਚਸਪੀ ਵਿਖਾਉਂਦੇ ਹਨ ਅਤੇ ਪਾਲਤੂ ਜਾਨਵਰ ਘਰਾਂ ਵਿੱਚ ਰੱਖਦੇ ਹਨ। ਉਹੀ ਪਾਲਤੂ ਜਾਨਵਰ ਜਦੋਂ ਬੀਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ ਜਾਂ ਅਪਾਹਿਜ ਹੋ ਜਾਂਦੇ ਹਨ ਤਾਂ ਕੁੱਝ ਲੋਕਾਂ ਵੱਲੋਂ ਇਨ੍ਹਾਂ ਨੂੰ ਮਰਨ ਲਈ ਸੜਕ 'ਤੇ ਛੱਡ ਦਿੱਤਾ ਜਾਂਦਾ ਹੈ। ਲੁਧਿਆਣਾ ਦੀ ਰਹਿਣ ਵਾਲੀ ਪੂਜਾ ਇਨ੍ਹਾਂ ਅਵਾਰਾ ਅਤੇ ਅਪਾਹਿਜ ਕੁੱਤਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਪੂਜਾ ਕੋਲ 200 ਅਵਾਰਾ ਅਤੇ ਪਾਲਤੂ ਜਾਨਵਰ ਹਨ, ਜਿਨ੍ਹਾਂ ਦਾ ਉਹ ਖਾਣ-ਪੀਣ, ਦਵਾਈ ਅਤੇ ਦੇਖਭਾਲ ਕਰਦੀ ਹੈ। ਹਾਲਾਂਕਿ, ਸਰਕਾਰ ਅਤੇ ਨਗਰ ਨਿਗਮ ਨੂੰ ਇਨ੍ਹਾਂ ਜਾਨਵਰਾਂ ਦੀ ਸਾਰ ਲੈਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਆਪਣਾ ਫਰਜ਼ ਨਹੀਂ ਨਿਭਾਇਆ ਜਾਂਦਾ।
ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਪੂਜਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪਾਲਤੂ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ। ਪੂਜਾ ਨੇ ਦੱਸਿਆ ਕਿ ਉਸ ਕੋਲ ਵੱਖ-ਵੱਖ ਕਿਸਮਾਂ ਦੇ 200 ਕੁੱਤੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੁੱਤੇ ਸੜਕ ਹਾਦਸਿਆਂ ਦਾ ਸ਼ਿਕਾਰ, ਮਾਲਕਾਂ ਦੀ ਤਸ਼ੱਦਦ, ਮਾਂ ਤੋਂ ਵਿੱਛੜੇ ਛੋਟੇ ਕੁੱਤੇ, ਅਪਾਹਿਜ ਹੋਏ ਪਾਲਤੂ ਜਾਨਵਰ ਆਦਿ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਇਨ੍ਹਾਂ ਦੀ ਦੇਖਭਾਲ ਕਰਦੀ ਆ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਦੇਖਭਾਲ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪੂਜਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੂੰ ਇਨ੍ਹਾਂ ਕੁੱਤਿਆਂ ਤੋਂ ਪਰੇਸ਼ਾਨੀ ਸੀ ਜਿਸ ਕਰਕੇ ਉਸ ਦੇ ਬੇਟੇ ਦਾ ਤਲਾਕ ਹੋ ਗਿਆ। ਉਨ੍ਹਾਂ ਕਿਹਾ ਕਿ ਕਈ ਜ਼ਿਮੀਦਾਰ ਵੀ ਉਨ੍ਹਾਂ ਨੂੰ ਕਹਿੰਦੇ ਰਹਿੰਦੇ ਸਨ ਕਿ ਉਹ ਇਨ੍ਹਾਂ ਕੁੱਤਿਆਂ ਨੂੰ ਜ਼ਹਿਰ ਖਵਾ ਦੇਣਗੇ।
ਇਹ ਵੀ ਪੜ੍ਹੋ: ਬਰਨਾਲਾ: ਝੋਨੇ ਦੀ ਸਿੱਧੀ ਬਿਜਾਈ 90 ਫ਼ੀਸਦੀ ਹੋਈ ਕਾਮਯਾਬ
ਇਨ੍ਹਾਂ ਕੁੱਤਿਆਂ ਦੇ ਖਾਣ-ਪੀਣ ਬਾਰੇ ਪੂਜਾ ਨੇ ਦੱਸਿਆ ਕਿ ਕਈ ਸਮਾਜ ਸੇਵੀ ਲੋਕ ਉਨ੍ਹਾਂ ਦੀ ਮਦਦ ਕਰਦੇ ਹਨ। ਬੋਨ ਕੰਪਨੀ ਵੱਲੋਂ ਉਨ੍ਹਾਂ ਨੂੰ ਹਰ ਰੋਜ਼ 30 ਕਿੱਲੋਂ ਬਰੈੱਡ ਭੇਜੇ ਜਾਂਦੇ ਹਨ। ਇਸ ਦੇ ਨਾਲ ਹੀ ਰਾਸ਼ਨ ਅਤੇ ਦੁੱਧ ਲਈ ਵੀ ਲੋਕਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ।
ਪੂਜਾ ਨੇ ਜਾਨਵਰਾਂ 'ਤੇ ਤਸ਼ੱਦਦ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਕੁੱਤਿਆਂ ਨੂੰ ਪਾਲ ਨਹੀਂ ਸਕਦੇ ਤਾਂ ਉਨ੍ਹਾਂ 'ਤੇ ਤਸ਼ੱਦਦ ਵੀ ਨਾ ਕਰਿਆ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਸ-ਪਾਸ ਦੇ ਅਵਾਰਾ ਕੁੱਤਿਆਂ ਦੀ ਦੇਖ-ਭਾਲ ਕਰਨ।