ਲੁਧਿਆਣਾ: ਧਰਮ ਵਿਲੱਖਣਤਾ ਵਾਲਾ ਭਾਰਤ ਦੇਸ਼ ਦੁਨੀਆ ਭਰ ਵਿੱਚ ਆਪਣੇ ਇਤਿਹਾਸਿਕ ਅਤੇ ਮਿਥਿਹਾਸਕ ਤੱਥਾਂ ਲਈ ਜਾਣਿਆ ਜਾਂਦਾ ਹੈ। ਭਾਰਤ ਵਿੱਚ ਕਈ ਅਜਿਹੇ ਧਾਰਮਿਕ ਸਥਾਨ ਹਨ ਜਿਨ੍ਹਾਂ ਦੀ ਇਤਿਹਾਸਿਕ ਅਤੇ ਮਿਥਿਹਾਸਕ ਕਹਾਣੀਆਂ ਸ਼ਰਧਾਲੂਆਂ ਦੀ ਸ਼ਰਧਾ ਵਿੱਚ ਵਾਧਾ ਕਰਦੀਆਂ ਹਨ। ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਜਲੰਧਰ ਰੋਡ ਨੇੜੇ ਸਥਿਤ ਇੱਕ ਮੰਦਿਰ ਵੀ ਆਪਣੇ ਇਤਿਹਾਸ ਕਾਰਨ ਸ਼ਰਧਾਲੂਆਂ ਲਈ ਆਸਥਾ ਦਾ ਪ੍ਰਤੀਕ ਹੈ।
ਤਹਿਸੀਲ ਫਿਲੌਰ ਤੋਂ ਮਹਿਜ਼ 5 ਕਿਲੋਮੀਟਰ ਪੂਰਬ ਵੱਲ ਸਥਿਤ ਭਗਵਾਨ ਭੋਲੇਨਾਥ ਦਾ ਮੰਦਿਰ ਆਪਣੇ ਇਤਿਹਾਸਿਕ ਪਰਿਪੇਖ ਲਈ ਮਸ਼ਹੂਰ ਹੈ। ਦੱਸਿਆ ਜਾਂਦਾ ਹੈ ਕਿ ਇਸ ਮੰਦਿਰ ਵਿੱਚ ਕੁਦਰਤੀ ਸ਼ਿਵਲਿੰਗ ਪ੍ਰਗਟ ਹੋਇਆ ਸੀ, ਜਿਸ ਤੋਂ ਬਾਅਦ ਇਥੇ ਮੰਦਿਰ ਸਥਾਪਤ ਕੀਤਾ ਗਿਆ।
ਮੰਦਿਰ ਦੇ ਸੇਵਾਦਾਰ ਨੇ ਦੱਸਿਆ ਕਿ ਇਹ ਥਾਂ ਕਿਸੇ ਜਿੰਮੀਦਾਰ ਦੀ 5 ਏਕੜ ਜ਼ਮੀਨ ਸੀ ਜਿਥੇ ਉਹ ਖੇਤੀ ਕਰਨ ਲਈ ਜ਼ਮੀਨ ਵਿੱਚ ਖੁਦਾਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇੱਕ ਪੱਥਰ ਜ਼ਮੀਨ ਵਿੱਚੋਂ ਨਿਕਲਿਆ ਜਿਸ 'ਤੇ ਹਥੌੜਾ ਮਾਰਨ ਤੋਂ ਬਾਅਦ ਉਸ ਪੱਥਰ ਵਿੱਚੋਂ ਖੂਨ ਨਿਕਲਿਆ। ਜਿੰਮੀਦਾਰ ਡਰ ਕੇ ਘਰ ਨੂੰ ਭੱਜ ਗਿਆ ਅਤੇ ਕਿਹਾ ਜਾਂਦਾ ਹੈ ਕਿ ਰਾਤ ਨੂੰ ਉਨ੍ਹਾਂ ਦੇ ਸੁਪਨੇ ਵਿੱਚ ਸ਼ਿਵ ਭੋਲੇਨਾਥ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਪੱਥਰ ਨਾਲ ਛੇੜਛਾੜ ਨਾ ਕਰ ਅਤੇ ਉਥੇ ਇੱਕ ਮੰਦਿਰ ਬਣਾਓ।
ਇਹ ਵੀ ਪੜ੍ਹੋ: ਪਿਤਾ ਦਿਵਸ: ਬਿਰਧ ਆਸ਼ਰਮ 'ਚ ਰਹਿ ਰਹੇ ਮਾਪੇ ਅੱਜ ਵੀ ਬੱਚਿਆਂ ਨੂੰ ਉਡੀਕ ਰਹੇ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਥਾਂ 'ਤੇ ਮੰਦਿਰ ਬਣਾਇਆ ਗਿਆ ਅਤੇ 5 ਏਕੜ ਜ਼ਮੀਨ ਵੀ ਮੰਦਿਰ ਦੇ ਨਾਂਅ ਲਵਾ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਤੋਂ ਬਾਅਦ ਹਰ ਸਾਲ ਇਥੇ ਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਦੀ ਭਾਰੀ ਭੀੜ ਲਗਦੀ ਹੈ ਅਤੇ ਸ਼ਰਧਾਲੂ ਕੁਦਰਤੀ ਸ਼ਿਵਲਿੰਗ ਦੇ ਦਰਸ਼ਨ ਕਰਦੇ ਹਨ।