ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਨੂੰ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਅਤੇ ਸਾਇਕਲ ਇੰਡਸਟਰੀ ਵੀ ਜ਼ਿਲ੍ਹੇ ਦੀ ਪਹਿਚਾਣ ਹੈ, ਪਰ ਪਿਛਲੇ ਕਈ ਦਹਾਕਿਆਂ ਤੋਂ ਲੁਧਿਆਣਾ ਦੇ ਕਾਰੋਬਾਰੀ ਫੋਕਲ ਪੁਆਇੰਟ ਵਿੱਚ ਟੁੱਟੀਆ ਹੋਈਆਂ ਸੜਕਾਂ ਤੋਂ ਪਰੇਸ਼ਾਨ ਹਨ। ਦੂਜੇ ਪਾਸੇ ਹੁਣ ਪੀ ਐਸ ਆਈ ਈ ਸੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਹੀ ਦਲਬੀਰ ਸਿੰਘ ਢਿੱਲੋਂ ਨੇ ਫੋਕਲ ਪੁਆਇੰਟ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਕਾਰੋਬਾਰੀਆਂ ਦੇ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਹੀ ਇਸ ਸੜਕਾਂ ਦਾ ਪੁਨਰਨਿਰਮਾਣ ਹੋਵੇਗਾ।
ਉਹਨਾਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਇਸ ਵੱਲ ਗੌਰ ਨਹੀਂ ਕੀਤੀ, ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਉੱਥੇ ਹੀ ਇਸ ਮੌਕੇ ਉੱਤੇ ਪਹੁੰਚੇ ਹਲਕਾ ਐਮ ਐਲ ਏ ਹਰਦੀਪ ਮੁੰਡੀਆਂ ਨੇ ਵਿਸ਼ਵਾਸ਼ ਦੁਆਇਆ ਕਿ ਬਹੁਤ ਜਲਦ ਸੜਕਾਂ ਬਣਾਈਆਂ ਜਾਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦਾ ਸਿਰਫ ਕੰਮ ਨਹੀਂ ਕਰਵਾਇਆ ਜਾਵੇਗਾ ਸਗੋਂ ਇਸ ਨੂੰ ਇੰਝ ਤਿਆਰ ਕੀਤਾ ਜਾਵੇਗਾ ਕਿ ਹੋਰ ਜ਼ਿਲ੍ਹੇ ਇਸ ਨੂੰ ਵੇਖ ਕੇ ਸਿੱਖਿਆ ਲੈਣ।
ਖ਼ਬਰ ਦਾ ਅਸਰ: ਇਸ ਸਬੰਧੀ ਈਟੀਵੀ ਭਾਰਤ ਵੱਲੋਂ ਬੀਤੇ ਦਿਨੀਂ ਖ਼ਬਰ ਵੀ ਨਸ਼ਰ ਕੀਤੀ ਗਈ ਸੀ ਅਤੇ ਕਾਰੋਬਾਰੀਆਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਗਈ ਸੀ। ਜਿਸ ਉੱਤੇ ਹੁਣ ਸਰਕਾਰ ਵੱਲੋਂ ਗਰਾਂਟ ਜਾਰੀ ਕਰਦਿਆਂ ਫੋਕਲ ਪੁਆਇੰਟ ਦੀਆਂ ਸੜਕਾਂ ਦਰੁੱਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਅੱਜ ਕੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਅਤੇ ਨਾਲ ਹੀ ਚੇਅਰਮੈਨ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਹੈ।
ਇਹ ਵੀ ਪੜ੍ਹੋ: Female cricketer of Patiala: ਪੰਜਾਬ ਦੀ ਮਹਿਲਾ ਕ੍ਰਿਕਟਰ ਨੇ ਵਧਾਇਆ ਮਾਣ, ਵਿਸ਼ਵ ਕੱਪ ਜੇਤੂ ਮੰਨਤ ਕੇਸ਼ਵ ਦੇ ਘਰ ਜਸ਼ਨ ਦਾ ਮਾਹੌਲ
ਕਾਰੋਬਾਰੀ ਖੁਸ਼: ਸੜਕਾਂ ਦੇ ਨਿਰਮਾਣ ਨੂੰ ਲੈਕੇ ਕਾਰੋਬਾਰੀਆਂ ਨੇ ਵੀ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਪ੍ਰੇਸ਼ਾਨ ਸਨ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਉੱਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਸੜਕਾਂ ਦਾ ਪੁਨਰ-ਨਿਰਮਾਣ ਹੋਵੇਗਾ ਅਤੇ ਨੁਹਾਰ ਬਦਲੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਹੁਣ ਸਰਕਾਰ ਕਮਾਊ ਪੁੱਤਾਂ ਵੱਲ੍ਹ ਧਿਆਨ ਦੇ ਰਹੀ ਹੈ ਕਿਉਂਕਿ ਜੇਕਰ ਸਨਅਤੀ ਇਲਾਕਾ ਹੀ ਸਹੀ ਨਹੀਂ ਹੋਵੇਗਾ ਤਾਂ ਕਾਰੋਬਾਰ ਕਿਵੇਂ ਚੱਲਣਗੇ। ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।