ਲੁਧਿਆਣਾ: ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ, ਜਿਸ ਨੂੰ ਰੋਕਣ ਲਈ ਸਮੇਂ ਦੀਆਂ ਸਰਕਾਰਾਂ ਦਾਅਵੇ ਤਾਂ ਕਰਦੀਆਂ ਰਹੀਆਂ ਨੇ ਪਰ ਹੁਣ ਤੱਕ ਨਕਾਮ ਰਹੀਆਂ ਨੇ, ਹੁਣ ਪੰਜਾਬ ਪੁਲਿਸ ਨੇ ਵੀ ਪਿੰਡਾਂ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਪੁਲਿਸ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਨਾ ਤਾ ਨਸ਼ਾ ਲੈਣ ਵਾਲੇ ਅਤੇ ਨਾ ਹੀ ਵੇਚਣ ਵਾਲੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਨੇ, ਜਿਸ ਕਰਕੇ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਨੌਜਵਾਨਾਂ ਨੇ ਹੀ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਹੈ।
ਨੌਜਵਾਨਾਂ ਨੇ ਬਣਾਈ ਕਮੇਟੀ: ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਨੌਜਵਾਨਾਂ ਨੇ ਨਸ਼ਾ ਰੋਕੂ ਕਮੇਟੀ ਬਣਾਈ ਹੈ ਅਤੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਇਸ ਗਲਤ ਸੰਗਤ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਬਚਾਉਣ ਲਈ ਪਿੰਡ ਦੇ ਐਨ.ਆਰ.ਆਈ ਵੀ ਮਦਦ ਕਰ ਰਹੇ ਹਨ ਪਰ ਨਾ ਸੁਧਰਣ ਵਾਲਿਆਂ ਨੂੰ ਉਹ ਪੁਲਿਸ ਹਵਾਲੇ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਠੀਕਰੀ ਪਹਿਰੇ ਵੀ ਲਗਾ ਰਹੇ ਹਨ ਤਾਂ ਜੋ ਨਸ਼ਾ ਤਸਕਰਾਂ ਉਪਰ ਨੱਥ ਪਾਈ ਜਾ ਸਕੇ।
ਪਿੰਡ ਵਿੱਚ ਚੈਕਿੰਗ ਤੇ ਪਹਿਰੇ: ਨਸ਼ਾ ਰੋਕੂ ਕਮੇਟੀ 'ਚ ਮੌਜੂਦਾ ਸਮੇਂ 'ਚ 28 ਮੈਂਬਰ ਨੇ ਜਿਨ੍ਹਾਂ ਦੀ ਡਿਊਟੀਆਂ ਦਿਨ ਰਾਤ ਲਗਾਈਆਂ ਜਾਂਦੀਆਂ ਨੇ। ਪਿੰਡ 'ਚ ਠੀਕਰੀ ਪਹਿਰੇ ਲੱਗਦੇ ਨੇ ਅਤੇ ਪਿੰਡ 'ਚ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾਂਦੀ ਹੈ । ਖਾਸ ਕਰਕੇ ਜੇ ਕੋਈ ਸ਼ੱਕੀ ਲੱਗਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ,ਉਸ ਦੇ ਵਾਹਨ ਨੂੰ ਫਰੋਲਿਆ ਜਾਂਦਾ ਹੈ, ਪਿੰਡ ਵਿੱਚ ਆਉਣ ਦਾ ਉਸ ਦਾ ਮਕਸਦ ਪੁਛਿਆ ਜਾਂਦਾ ਹੈ ਅਤੇ ਜੇਕਰ ਸ਼ੱਕ ਹੁੰਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਇਲਾਕੇ ਦੇ ਐਸ.ਐਚ.ਓ ਨੂੰ ਉਹ ਹੁਣ ਅੱਧਾ ਦਰਜਨ ਤੋਂ ਵੱਧ ਨਸ਼ੇੜੀ ਫੜ ਕੇ ਸੌਂਪ ਚੁੱਕੇ ਹਨ। ਜਿਨ੍ਹਾਂ 'ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ । ਜਦੋਂ ਕਿ ਪਿੰਡ ਵਿੱਚ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਸਨ ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰਾਂ 'ਚ ਭੇਜਿਆ ਜਾ ਰਿਹਾ ਹੈ।
ਵੀਡੀਓ ਵਾਇਰਲ: ਪਿੰਡ ਤੋਂ ਹੀ ਇੱਕ ਨਸ਼ੇੜੀ ਨੂੰ ਕਾਬੂ ਕਰਨ ਦੀ ਵੀਡੀਓ ਵੀ ਲਗਾਤਾਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਾਡੀ ਟੀਮ ਵੱਲੋਂ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਿੰਡ ਫੁੱਲਾਂਵਾਲ ਦੀ ਇਹ ਵੀਡੀਓ ਹੈ ਜਿੱਥੇ ਨੌਜਵਾਨਾਂ ਨੇ ਇਕੱਠੇ ਹੋ ਕੇ ਕਮੇਟੀ ਬਣਾਈ ਅਤੇ ਨਸ਼ੇ ਦੇ ਖਿਲਾਫ ਮੁਹਿੰਮ ਛੇੜ ਦਿੱਤੀ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਬੀਤੇ ਦਿਨ ਹੀ ਸਾਡੇ ਇਕ ਸਾਥੀ ਦੀ ਨਸ਼ੇ ਦੀ ਓਵਰ ਡੋਜ਼ ਦੇ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਕੀਤਾ ਪਿੰਡ ਦੇ ਵਿੱਚ ਹੋਰ ਕਿਸੇ ਦੇ ਬੱਚਿਆਂ ਨੂੰ ਅਨਾਥ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਨਸ਼ਿਆਂ ਦੇ ਖਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਨੇੜੇ-ਤੇੜੇ ਦੇ ਇਲਾਕੇ 'ਚ ਇਹ ਸੁਨੇਹਾ ਲੱਗ ਗਿਆ ਕਿ ਹੁਣ ਜੇਕਰ ਫੁੱਲਾਂਵਾਲ ਪਿੰਡ ਦੇ 'ਚ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਪਹਿਲਾਂ ਉਸ ਦੀ ਕੁੱਟਮਾਰ ਹੋਵੇਗੀ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਨਸ਼ਾ ਪੀੜਤ: ਪਿੰਡ ਦੇ ਹੀ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਨੌਜਵਾਨਾਂ ਤਕ ਪਹੁੰਚ ਕੀਤੀ ਅਤੇ ਉਹਨਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬਿਨਾਂ ਕਿਸੇ ਨਸ਼ਾ ਛੁਡਾਊ ਕੇਂਦਰ ਦਾਖਲ ਹੋਏ ਹੀ ਨੌਜਵਾਨਾਂ ਨੇ ਉਸ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਸਨੇ ਨਸ਼ਾ ਛੱਡ ਦਿੱਤਾ, ਉਨ੍ਹਾਂ ਕਿਹਾ ਕਿ ਜੋ ਇਨਸਾਨ 1 ਵਾਰ ਚਿੱਟਾ ਲਗਾ ਲੈਂਦਾ ਹੈ ਉਸ ਨੂੰ ਸੱਤ ਦਿਨ ਤੱਕ ਉਸਦੀ ਤੋੜ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਮਨ ਪੱਕਾ ਕਰਕੇ ਨਸ਼ਾ ਛੱਡਿਆ ਹੈ। ਉਸ ਨੇ ਆਪਣੇ ਪਰਿਵਾਰ ਵੱਲ ਵੇਖਿਆ ਜਿਸ ਕਰਕੇ ਹੀ ਉਸਨੇ ਨਸ਼ਾ ਛੱਡਿਆ ਅਤੇ ਨਾਲ ਹੀ ਕਮੇਟੀ ਦਾ ਮੈਂਬਰ ਬਣ ਕੇ ਹੁਣ ਬਾਕੀਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ ਅਤੇ ਨਾਲ ਹੀ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾ ਹੈ।
ਜ਼ਮਾਨਤ ਤੋਂ ਇਨਕਾਰ: ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਪਿੰਡ ਦੇ ਬਜ਼ੁਰਗਾਂ ਨੇ ਵੀ ਕੀਤੀ ਹੈ ਅਤੇ ਪੰਚਾਇਤ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈ। ਨੌਜਵਾਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਇਹ ਸੁਨੇਹਾ ਲਗਾ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਦਾ ਪੁੱਤ ਨਸ਼ਾ ਵੇਚਦਾ ਫੜਿਆ ਗਿਆ ਤਾਂ ਪਿੰਡ ਦਾ ਕੋਈ ਵੀ ਸਰਪੰਚ ਜਾਂ ਫਿਰ ਲੰਬੜਦਾਰ ਉਸ ਦੀ ਜ਼ਮਾਨਤ ਦੇ ਲਈ ਗਵਾਹੀ ਨਹੀਂ ਦੇਵੇਗਾ ਅਤੇ ਨਾ ਹੀ ਉਸ ਦੀ ਕੋਈ ਵੀ ਜਿੰਮੇਵਾਰੀ ਚੱਕੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਨੇੜੇ ਤੇੜੇ ਸ਼ਹਿਰ ਵਿੱਚ ਕਾਫੀ ਕਲੋਨੀਆਂ ਹਨ ਜਿੱਥੇ ਨੌਜਵਾਨ ਨਸ਼ਾ ਕਰਦੇ ਇਸ ਕਰਕੇ ਉਹ ਆਪਣੀ ਟੀਮ ਨੂੰ ਲਗਾਤਾਰ ਵਧਾ ਰਹੇ ਨੇ ਤਾਂ ਕਿ ਉਹ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਵੀ ਨਜ਼ਰ ਰੱਖ ਸਕਣ।