ਲੁਧਿਆਣਾ: ਬੀਤੇ ਦਿਨੀਂ ਡਾਬਾ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਅਧਿਆਪਕ ਦੀ ਬਦਸਲੂਕੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਸੀ। ਇਸ ਤੋਂ ਬਾਅਦ ਹੁਣ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਐੱਸ ਡੀ ਸਕੂਲ ਦੇ ਬਾਹਰ ਵਿਦਿਆਰਥੀ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।
ਵਿਦਿਆਰਥੀ ਯੂਨੀਅਨ ਅਤੇ ਮਾਪਿਆਂ ਨੇ ਸਕੂਲ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਸਕੂਲ ਨੂੰ ਤਾਲਾ ਜੜਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰ ਕਰ ਦਈਏ ਹੈ ਕਿ ਬੀਤੇ ਦਿਨੀਂ ਐੱਸ ਜੀ ਡੀ ਸਕੂਲ ਵਿੱਚ ਪੜ੍ਹਨ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਨੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਬਣਾਈ ਸੀ ਜਿਸ ਵਿੱਚ ਉਸ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਉੱਤੇ ਉਸ ਨੂੰ ਮਾਨਸਿਕ ਤੌਰ ਉੱਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।
ਸਕੂਲ ਦੇ ਬਾਹਰ ਅੱਜ ਧਨੰਜੇ ਦੀ ਖੁਦਕੁਸ਼ੀ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਕੂਲ ਨੂੰ ਬੰਦ ਕਰਨ ਦੀ ਮੰਗ ਰੱਖੀ ਗਈ। ਇਸ ਦੌਰਾਨ ਵੱਡੀ ਤਾਦਾਦ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਮੌਜੂਦ ਰਿਹਾ।
ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਧਨੰਜੇ ਦੀ ਖੁਦਕੁਸ਼ੀ ਨੂੰ ਲੈ ਕੇ ਨਿਖੇਧੀ ਕੀਤੀ ਅਤੇ ਸਕੂਲ ਪ੍ਰਸ਼ਾਸਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮਾਪਿਆਂ ਨੇ ਕਿਹਾ ਕਿ ਉਹ ਮਜਬੂਰੀ ਵਿੱਚ ਹੁਣ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾ ਰਹੇ ਹਨ। ਪੜ੍ਹਾਈ ਪੂਰੀ ਹੁੰਦਿਆਂ ਹੀ ਉਹ ਇੱਥੋਂ ਬੱਚਿਆਂ ਨੂੰ ਹਟਾ ਲੈਣਗੇ ਕਿਉਂਕਿ ਸਿੱਖਿਆ ਦੇਣ ਦਾ ਇਹ ਕੋਈ ਵੀ ਢੰਗ ਨਹੀਂ ਹੈ।