ਲੁਧਿਆਣਾ: ਸਥਾਨਕ ਐੱਸਟੀਐਫ਼ ਟੀਮ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ 'ਚ ਸਾਹਨੇਵਾਲ ਦੇ ਨੇੜੇ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਇੱਕ ਹੌਂਡਾ ਅਮੇਜ਼ ਕਾਰ 'ਚ ਸਵਾਰ ਪ੍ਰੇਮੀ ਜੋੜੇ ਤੋਂ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਹੈਰੋਇਨ ਦੀਕੀਮਤ ਲਗਭਗ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮੁਲਜ਼ਮਾਂ ਦੀ ਸ਼ਨਾਖ਼ਤ ਅਮਿਤਪ੍ਰੀਤ ਉਰਫ਼ ਰੂਬੀ ਤੇ ਲਕਸ਼ਮੀ ਉਰਫ਼ ਮੁਸਕਾਨ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਲੁਧਿਆਣਾ ਰੇਂਜ ਐਸਟੀਐਫ਼ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਾਫ਼ੀ ਲੰਮੇ ਸਮੇਂ ਤੋਂ ਮੁਲਜ਼ਮ ਨਸ਼ਾ ਤਸਕਰੀ ਕਰਦੇ ਹਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਾਹਨੇਵਾਲ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਨ ਲਈ ਜਾ ਰਹੇ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਵਿਸ਼ੇਸ਼ ਨਾਕੇਬੰਦੀ ਕੀਤੀ।
ਵਿਸ਼ੇਸ਼ ਨਾਕੇਬੰਦੀ ਕਰਕੇ ਦੋਹਾਂ ਨੂੰ ਕਾਰ ਰੋਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਾਰ ਭਜਾ ਲਈ, ਐਸਟੀਐਫ ਦੀ ਮੁਸਤੈਦੀ ਦੇ ਚੱਲਦਿਆਂ ਕਾਰ ਨੂੰ ਰੋਕ ਲਿਆ ਗਿਆ ਜਿਸ ਵਿੱਚੋਂ 560 ਗ੍ਰਾਮ ਹੈਰੋਇਨ ਬਰਾਮਦ ਹੋਈ। ਹਰਬੰਸ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਦੋਹਾਂ ਮੁਲਜ਼ਮਾਂ ਦੇ ਆਪਸ ਵਿੱਚ ਸਬੰਧ ਹਨ ਤੇ ਉਹ ਲੁਧਿਆਣਾ ਦੀ ਐੱਨਆਰਆਈ ਕਾਲੋਨੀ ਵਿੱਚ ਕਿਰਾਏ ਦੇ ਕਮਰੇ 'ਤੇ ਇਕੱਠਿਆਂ ਹੀ ਰਹਿੰਦੇ ਹਨ।
ਦੋਵਾਂ 'ਤੇ ਪਹਿਲਾਂ ਵੀ ਨਸ਼ੇ ਦੀ ਤਸਕਰੀ ਕਰਨ ਦੇ ਮਾਮਲੇ ਦਰਜ ਹਨ ਤੇ ਉਹ ਆਪ ਵੀ ਨਸ਼ਾ ਕਰਨ ਦੇ ਆਦੀ ਹਨ। ਫਿਲਹਾਲ ਮੁਲਜ਼ਮਾਂ ਤੇ ਐਨਡੀਪੀਸੀ ਐਕਟ ਦੇ ਤਹਿਤ ਮੋਹਾਲੀ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।