ਲੁਧਿਆਣਾ: ਸਥਾਨਕ ਪੁਲਿਸ ਨੇ 4 ਮਾਰਚ ਨੂੰ ਗਿੱਲ ਰੋਡ 'ਤੇ ਗੋਬਿੰਦ ਜਵੈਲਰਸ ਦੀ ਦੁਕਾਨ 'ਤੇ ਹੋਈ ਇੱਕ ਕਿੱਲੋ ਸੋਨੇ ਅਤੇ ਚਾਰ ਕਿੱਲੋ ਚਾਂਦੀ ਦੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਦੇ ਗੈਂਗ ਨੂੰ ਕਾਬੂ ਕੀਤਾ ਹੈ ਜਿਨ੍ਹਾਂ 'ਚੋਂ ਕਿੰਗ ਪਿੰਨ ਕਮਲਪ੍ਰੀਤ ਖ਼ੁਦ ਇੱਕ ਜਿਊਲਰ ਦਾ ਹੀ ਪੁੱਤਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਡਿਟੈਕਟਿਵ ਸਿਮਰਤ ਪਾਲ ਢੀਂਡਸਾ ਨੇ ਦੱਸਿਆ ਕਿ ਗਿੱਲ ਰੋਡ 'ਤੇ ਬੀਤੀ ਚਾਰ ਮਾਰਚ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਂਦਿਆਂ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਬਿਨਾਂ ਨੰਬਰ ਪਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਮੁਲਜ਼ਮਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਤਫ਼ਤੀਸ਼ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾਲਣ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਵਿੱਚ ਪੰਜ ਲੋਕ ਸ਼ਾਮਿਲ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਕਿ ਪੂਰੇ ਪਲੈਨ ਬਣਾਉਣ ਵਾਲਾ ਕਿੰਗਪਿਨ ਕੰਵਲਪ੍ਰੀਤ ਖ਼ੁਦ ਇੱਕ ਜਿਊਲਰ ਦਾ ਪੁੱਤਰ ਹੈ ਜਿਸ ਨੂੰ ਪੂਰੀ ਜਾਣਕਾਰੀ ਸੀ ਕਿ ਗੋਬਿੰਦ ਜਿਊਲਰਜ਼ ਕੋਲ ਕੋਈ ਵਰਕਰ ਕੰਮ ਨਹੀਂ ਕਰਦਾ ਜਿਸ ਤੋਂ ਬਾਅਦ ਉਸ ਨੇ ਪੂਰੀ ਪਲਾਨਿੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਇੱਕ ਕਿੱਲੋ 50 ਗਰਾਮ ਸੋਨੇ ਦੇ ਗਹਿਣੇ, ਚਾਰ ਕਿਲੋ ਚਾਂਦੀ ਦੇ ਗਹਿਣੇ, ਇਕ ਦੇਸ਼ੀ ਕੱਟਾ ਤੇ ਪੰਜ ਜਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ।