ਲੁਧਿਆਣਾ: ਮਹਾਨਗਰ ਲੁਧਿਆਣਾ ਵਿੱਚ ਪਹਿਲਾਂ ਘਰਾਂ ਦੀ ਰੇਕੀ ਅਤੇ ਫੇਰ ਡਾਕਾ ਮਾਰਨ ਵਾਲੇ ਇੱਕ ਸ਼ਾਤਿਰ ਚੋਰ ਨੂੰ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੇਰ ਸਿੰਘ ਉਰਫ ਸ਼ੇਰੂ ਵਾਸੀ ਸ਼ਾਮ ਨਗਰ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਪੁਲਿਸ ਨੇ ਇਸ ਕੋਲੋਂ ਵੱਡੀ ਗਿਣਤੀ ਵਿੱਚ ਸੋਨੇ ਦੇ ਗਹਿਣੇ ਅਤੇ ਵਿਦੇਸ਼ੀ ਨਗਦੀ ਵੀ ਬਰਾਮਦ ਕੀਤੀ ਹੈ। ਪੁਲਿਸ ਜਾਂਚ ਜਾਰੀ ਹੈ।
ਮੁਲਜ਼ਮ ਉੱਤੇ 17 ਮਾਮਲੇ ਦਰਜ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਗੁਪਤ ਸੂਚਨਾ ਦੇ ਆਧਾਰ ਉੱਤੇ ਸਰਾਭਾ ਨਗਰ ਇਲਾਕੇ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 17 ਮਾਮਲੇ ਦਰਜ ਹਨ ਅਤੇ ਮੁਲਜ਼ਮ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਅਗਰਵਾਲ ਨੇ ਕਿਹਾ ਕਿ ਮੁਲਜ਼ਮ ਸ਼ੇਰੂ 2017 ਵਿੱਚ 15 ਮਹੀਨੇ ਅਤੇ 2021 ਵਿੱਚ 7 ਮਹੀਨੇ ਦੀ ਜੇਲ੍ਹ ਵੀ ਕੱਟ ਚੁਕਾ ਹੈ। ਜੇਲ੍ਹ ਤੋਂ ਬਾਹਰ ਆਕੇ ਇਹ ਚੋਰ ਫਿਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਂਦਾ ਸੀ।
ਇਹ ਵੀ ਪੜ੍ਹੋ: AAP MLA Bribery Case: ਕਸੂਤਾ ਫਸਣਗੇ ਆਪ ਵਿਧਾਇਕ ਅਮਿਤ ਰਤਨ, ਬਠਿੰਡਾ 'ਚ ਇਕੱਠੇ ਹੋਏ ਸਰਪੰਚਾਂ ਨੇ ਕਰ 'ਤਾ ਵੱਡਾ ਐਲਾਨ
ਉਨ੍ਹਾ ਕਿਹਾ ਕਿ ਇਸ ਕੋਲੋਂ ਭਾਰੀ ਮਾਤਰਾ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਚੋਰੀ ਕੀਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਪੰਜ ਸੌ ਡਾਲਰ ਅਮਰੀਕੀ ਕਰੰਸੀ ਅਤੇ ਇੱਕ ਲੱਖ 83 ਹਜਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸਦੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਮੁਲਜ਼ਮ ਕੋਲੋਂ ਕੁੱਲ 514 ਅਮਰੀਕੀ ਡਾਲਰ, 33 ਥਾਈਲੈਂਡ ਦੀ ਕਰੰਸੀ, ਅਤੇ ਕੁਝ ਕੈਨੇਡਾ ਅਤੇ ਸਵਿਟਜ਼ਰਲੈਂਡ ਦੀ ਕਰੰਸੀ ਵੀ ਬਰਾਮਦ ਹੋਈ ਹੈ। ਮੁਲਜ਼ਮ ਸ਼ੇਰ ਸਿੰਘ ਉਰਫ ਸ਼ੇਰੂ ਨਿਊ ਸ਼ਾਮ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਪਹਿਲਾਂ ਰੈਕੀ ਕਰਿਆ ਕਰਦਾ ਸੀ ਉਸ ਤੋਂ ਬਾਅਦ ਵਿੱਚ ਚੋਰੀ ਕਰਦਾ ਸੀ। ਰਘੁਨਾਥ ਏਂਕਲੇਵ ਵਿੱਚ ਵੀ ਉਸਨੇ ਖਾਲੀ ਘਰ ਦੀ ਰੈਕੀ ਕਰਨ ਤੋਂ ਬਾਅਦ ਚੋਰੀ ਕੀਤੀ ਸੀ ਅਤੇ ਪੁਲਿਸ ਨੇ 2 ਦਿਨ ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।