ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ 12 ਦਸੰਬਰ ਨੂੰ ਟਾਟਾ ਸਟੀਲ ਨਾਂ ਦੀ ਫਰਜ਼ੀ ਕੰਪਨੀ ਬਣਾ ਕੇ 20 ਲੱਖ ਰੁਪਏ ਦੀ ਕਾਰੋਬਾਰੀ ਨਾਲ ਠੱਗੀ ਮਾਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ। ਲੁਧਿਆਣਾ ਦੇ ਜੁਆਇੰਟ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਲਗਭਗ 47 ਦੇ ਕਰੀਬ ਆਧਾਰ ਕਾਰਡ ਮਿਲੇ ਹਨ। ਮੁਲਜ਼ਮ ਖੁਦ ਹੀ ਮਸ਼ੀਨਾਂ ਰੱਖ ਕੇ ਜਾਲੀ ਆਧਾਰ ਕਾਰਡ ਤਿਆਰ ਕਰਦੇ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਨੇ ਦੱਸਿਆ ਕਿ 12 ਦਸੰਬਰ ਨੂੰ ਕਮਲਜੀਤ ਨਾਂ ਦੇ ਕਾਰੋਬਾਰੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਨਾਲ ਟਾਟਾ ਸਟੀਲ ਨਾਂਅ ਦੀ ਕੰਪਨੀ ਬਣਾ ਕੇ ਲਗਭਗ 20 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਜਿਸ ਤੋਂ ਬਾਅਦ ਉਨਾਂ ਨੇ ਰੁਪਿੰਦਰ ਭੱਟੀ ਏਡੀਸੀਪੀ ਅਤੇ ਸਾਈਬਰ ਸੈੱਲ ਦੀ ਟੀਮ ਨੂੰ ਇਹ ਜਿੰਮੇਵਾਰੀ ਸੌਂਪੀ।
ਟੀਮ ਨੇ ਲਗਾਤਾਰ ਤਫਤੀਸ਼ ਕਰਨ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜੁਆਇੰਟ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਸੀਂ ਬਾਕੀ ਮੈਂਬਰਾਂ ਦੀ ਭਾਲ ਲਈ ਵੀ ਲਗਾਤਾਰ ਟੀਮਾਂ ਬਣਾਈਆਂ ਹੋਈਆਂ ਹਨ। ਇਹ ਸਾਰੇ ਹੀ ਮੁਲਜ਼ਮ ਬਹੁਤ ਜਿਆਦਾ ਸ਼ਾਤਿਰ ਸਨ। ਉਹਨਾਂ ਦੱਸਿਆ ਕਿ ਇਹ ਮੁਲਜ਼ਮ ਆਪ ਹੀ ਨਕਲੀ ਆਧਾਰ ਕਾਰਡ ਬਣਾ ਦਿੰਦੇ ਸਨ ਅਤੇ ਫਿਰ ਉਹਨਾਂ ਆਧਾਰ ਕਾਰਡਾਂ ਦੇ ਉੱਪਰ ਨਕਲੀ ਖਾਤੇ ਬਣਾ ਲੈਂਦੇ ਸਨ, ਜਿਸ ਤੋਂ ਬਾਅਦ ਲੋਕਾਂ ਨਾਲ ਠੱਗੀ ਮਾਰਦੇ ਸਨ।
- ਯੂਰਪ ਅਤੇ ਪੱਛਮੀ ਮੁਲਕਾਂ ਦੀਆਂ ਸੜਕਾਂ 'ਤੇ ਵੀ ਦੌੜੇਗਾ ਲੁਧਿਆਣਾ ਤੋਂ ਬਣਿਆ ਹੀਰੋ ਸਾਇਕਲ, ਵੇਖੋ ਖਾਸ ਰਿਪੋਰਟ
- ਪੋਲਟਰੀ ਫਾਰਮ ਕਿਸਾਨਾਂ ਲਈ ਅਹਿਮ ਖ਼ਬਰ; ਜਾਣੋ, ਕਿਵੇਂ ਕਰਨਾ ਫਾਰਮ ਤੇ ਪੰਛੀਆਂ ਦਾ ਰੱਖ-ਰਖਾਅ
- ਲਾਇਲਪੁਰ ਵਾਲਿਆਂ ਦੀ ਗੱਚਕ ਤੋਂ ਬਿਨ੍ਹਾਂ ਲੋਹੜੀ ਅਧੂਰੀ, ਗੱਚਕ ਦੇ ਬਾਲੀਵੁੱਡ ਤੋਂ ਲੈ ਕੇ ਵਿਦੇਸ਼ਾਂ ਤੱਕ ਚਰਚੇ
ਪੁਲਿਸ ਮੁਤਾਬਿਕ ਉਹ ਇਸ ਸਬੰਧੀ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿਉਂਕਿ ਇੰਨੀ ਵੱਡੀ ਕੰਪਨੀ ਦੇ ਨਾਂ ਉੱਤੇ ਇਸ ਤਰ੍ਹਾਂ ਸਾਈਬਰ ਕ੍ਰਾਈਮ ਕਰਦਿਆਂ ਠੱਗੀ ਮਾਰੀ ਗਈ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਟਾਟਾ ਸਟੀਲ ਕੰਪਨੀ ਦੇ ਨਾਂ ਉੱਤੇ ਇਹ ਠੱਗੀ ਮਾਰੀ ਗਈ ਸੀ ਇਸ ਬਾਰੇ ਪਹਿਲਾਂ ਹੀ ਪੜਤਾਲ ਕਰਨ ਦੀ ਲੋੜ ਸੀ। ਇਹ ਬਹੁਤ ਵੱਡਾ ਇੱਕ ਨੈਟਵਰਕ ਹੈ ਜਿਸ ਨੂੰ ਤੋੜਨ ਲਈ ਲਗਾਤਾਰ ਲੁਧਿਆਣਾ ਪੁਲਿਸ ਲੱਗੀ ਹੋਈ ਹੈ ਅਤੇ ਇਸ ਗੈਂਗ ਦੇ ਤਾਰ ਯੂਪੀ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਜੁੜੇ ਹੋਏ ਲੱਗ ਰਹੇ ਹਨ।