ਲੁਧਿਆਣਾ: ਸ਼ਹਿਰ ਵਿੱਚ ਲੁੱਟ ਖੋਹ, ਨਸ਼ਾ ਤਸਕਰੀ, ਝਪਟਮਾਰੀ ਵਰਗੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 32 ਬੋਰ ਦਾ ਦੇਸੀ ਪਿਸਟਲ, 12 ਕਾਰਤੂਸ, ਇੱਕ ਮੋਟਰਸਾਈਕਲ ਤੇ ਇੱਕ ਜਾਅਲੀ ਆਰ.ਸੀ ਬਰਾਮਦ ਕੀਤੀ ਹੈ। ਗੈਂਗਸਟਰ ਦੀ ਪਛਾਣ ਢੰਡਾਰੀ ਕਲਾਂ ਵਿੱਚ ਰਹਿਣ ਵਾਲੇ ਗੁਰਦੀਪ ਸਿੰਘ ਉਰਫ ਦੀਪਾ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਲੰਮੇ ਸਮੇਂ ਤੋਂ ਮੁਲਜ਼ਮ ਨੂੰ ਭਾਲ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਦੀਪਾ ਭਿਖਾਰੀ ਬਣ ਕੇ ਲੁਕਿਆ ਹੋਇਆ ਸੀ ਜਿਸ ਨੂੰ ਧਾਂਦਰਾ ਰੋਡ ਨੇੜੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਮੁਤਾਬਕ ਮੁਲਜ਼ਮ ਲੁੱਟ ਖੋਹ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਪਰ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਵੀ ਕਰ ਰਿਹਾ ਸੀ। ਬੀਤੇ ਸਾਲ ਹੀ ਪੁਲਿਸ ਵੱਲੋਂ ਉਸ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੀਪਾ 'ਤੇ ਨਸ਼ਾ ਤਸਕਰੀ ਦਾ ਇੱਕ ਮਾਮਲਾ ਖੰਨਾ ਵਿਖੇ ਵੀ ਦਰਜ ਹੈ।