ਜਗਰਾਉਂ: ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 1.50 ਕਿਲੋਗ੍ਰਾਮ ਹੈਰੋਇਨ ਅਤੇ 16 ਲੱਖ 40 ਹਜ਼ਾਰ ਨਸ਼ੇ ਦੀ ਰਕਮ ਬਰਾਮਦ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਏਐਸਆਈ ਸੁਖਦੇਵ ਸਿੰਘ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਲੋਕ ਜਗਰਾਉਂ ਵਿਖੇ ਨਸ਼ਾ ਵੇਚਣ ਆ ਰਹੇ ਹਨ। ਇਸ ਤਹਿਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਮਹਿੰਦਰਾ ਕਾਰ ਆਉਂਦੀ ਵੇਖੀ ਜਿਸ ਨੂੰ ਰੋਕਣ ਤੇ ਚੈਕਿੰਗ ਕਰਨ ਤੋਂ ਬਾਅਦ 1.50 ਕਿਲੋ ਹੈਰੋਇਨ ਅਤੇ 16 ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ।
ਪੁਲਿਸ ਵਲੋਂ ਕਾਬੂ ਕੀਤੇ ਤਿੰਨ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਨਿਵਾਸੀ ਕੋਟ ਇਸੇ ਖਾਂ ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਨਿਵਾਸੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਤੇ ਸਤਵੀਰ ਸਿੰਘ ਨਿਵਾਸੀ ਬੂਟਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਐਸਐਸਪੀ ਵਿਵੇਕਸ਼ੀਲ ਸੋਨੀ ਅਨੁਸਾਰ ਜਦੋਂ ਇਨ੍ਹਾਂ ਕਥਿਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਕਾਰ ਦਾ ਨੰਬਰ ਜਾਅਲੀ ਸੀ, ਜਿਸ ‘ਤੇ ਇਕ ਹੋਰ ਕੇਸ ਵੀ ਪੁਲਿਸ ਨੇ ਦਰਜ ਕੀਤਾ ਹੈ। ਇਸ ‘ਤੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।