ਲੁਧਿਆਣਾ: ਖੇਤੀ ਕਾਨੂੰਨਾਂ ਵਿਰੁੱਧ ਅਤੇ ਕਿਸਾਨਾਂ ਦੇ ਹੱਕ ਵਿੱਚ ਸ਼ਹਿਰ ਵਾਸੀਆਂ ਨੇ ਸਾਊਥ ਸਿਟੀ ਨੇੜੇ ਇੱਕ ਵਿਸ਼ਾਲ ਮਾਰਚ ਕੱਢਿਆ। ਇਸ ਮਾਰਚ ਵਿੱਚ ਵੱਡੀ ਤਦਾਦ ਵਿੱਚ ਹਰ ਵਰਗ ਦੇ ਲੋਕ ਇੱਕਠੇ ਹੋਏ। ਇਸ ਮਾਰਚ ਵਿੱਚ ਨਾ ਸਿਰਫ਼ ਟਰੈਕਟਰ ਚਲਾਏ ਗਏ ਸਗੋਂ ਗੱਡੀਆਂ ਵੀ ਚਲਾਈਆਂ ਗਈਆਂ। ਜਿਨ੍ਹਾਂ ਉੱਤੇ ਕਿਸਾਨ ਏਕਤਾ ਜ਼ਿੰਦਾਬਾਦ ਦੀਆਂ ਝੰਡੀਆਂ ਲੱਗੀਆਂ ਸਨ। ਇਸ ਮਾਰਚ ਦੌਰਾਨ ਔਰਤਾਂ ਨੇ ਕਿਹਾ ਕਿ ਇਹ ਖੇਤੀ ਕਾਨੂੰਨਾਂ ਸਿਰਫ਼ ਕਿਸਾਨਾਂ ਲਈ ਘਾਤਕ ਨਹੀਂ ਹੈ ਇਹ ਆਮ ਲੋਕ ਲਈ ਵੀ ਘਾਤਕ ਹੈ।
ਅੱਜ ਇੱਕਜੁੱਟ ਹੋਣ ਦੀ ਲੋੜ
ਟਰੈਕਟਰ ਚਲਾ ਰਹੀਆਂ ਕਿਸਾਨ ਔਰਤਾਂ ਨੇ ਕਿਹਾ ਕਿ ਅੱਜ ਲੋੜ ਹੈ ਸਾਨੂੰ ਇੱਕਜੁੱਟ ਹੋਣ ਦੀ। ਉਨ੍ਹਾਂ ਕਿਹਾ ਕਿ ਇਹ ਸ਼ਹਿਰੀਆਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਸ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ ਹੈ ਕਿ ਸ਼ਹਿਰੀ ਵੀ ਅੱਜ ਪਿੰਡਾਂ ਵਾਲਿਆਂ ਦੇ ਨਾਲ ਖੜ੍ਹੇ ਹਨ।
ਸਭ ਦਾ ਸਾਂਝਾ ਅੰਦੋਲਨ
ਸ਼ਹਿਰ ਦੀਆਂ ਔਰਤਾਂ ਜੋ ਗੱਡੀਆਂ ਲੈ ਕੇ ਪਹੁੰਚੀਆਂ ਹੋਈਆਂ ਸਨ, ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਭ ਦਾ ਸਾਂਝਾ ਅੰਦੋਲਨ ਹੈ ਇਸ ਵਿੱਚ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਮਾੜਾ ਪ੍ਰਭਾਵ ਸਿਰਫ਼ ਕਿਸਾਨਾਂ ਉੱਤੇ ਨਹੀਂ ਸ਼ਹਿਰੀਆਂ ਉੱਤੇ ਵੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਮਹਿੰਗਾਈ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਆਟਾ ਅੱਜ ਵੀਹ ਰੁਪਏ ਕਿਲੋ ਮਿਲਦਾ ਹੈ ਉਹ 100 ਰੁਪਏ ਕਿੱਲੋ ਹੋ ਜਾਵੇਗਾ।
ਇਸ ਮਾਰਚ ਦਾ ਪ੍ਰਬੰਧ ਕਰਨ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਹੋਵੇ ਇਸ ਕਰਕੇ ਇਹ ਮਾਰਚ ਆਊਟਰ ਵਿੱਚ ਕੱਢਿਆ ਗਿਆ ਹੈ ਜਿਸ ਵਿੱਚ ਮੋਟਰਸਾਈਕਲ ਸਵਾਰਾਂ, ਗੱਡੀਆਂ ਦੇ ਕਾਫ਼ਲੇ ਅਤੇ ਟਰੈਕਟਰਾਂ ਨੇ ਹਿੱਸਾ ਲਿਆ।