ਲੁਧਿਆਣਾ: ਐਤਵਾਰ ਨੂੰ ਸ਼ਹਿਰ 'ਚ ਭੱਠਾ ਐਸੋਸੀਏਸ਼ਨ ਦੀ ਬੈਠਕ ਹੋਈ ਜਿਸ ਵਿੱਚ ਲੁਧਿਆਣਾ ਦੇ ਭੱਠਾ ਮਾਲਕਾਂ ਨੇ ਹਿੱਸਾ ਲਿਆ। ਇਸ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਾਮਲ ਹੋਏ। ਇਸ ਮੌਕੇ ਭੱਠਾ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਨ੍ਹਾਂ ਜ਼ਿਗਜ਼ੈਗ ਤਕਨੀਕ ਰਾਹੀਂ ਨਵੇਂ ਭੱਠੇ ਬਣਾਉਣ ਲਈ ਇੱਕ ਸਾਲ ਦਾ ਸਮਾਂ ਹੋਰ ਮੰਗਿਆ ਹੈ।
ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਜੋ 2 ਸਾਲ ਪਹਿਲਾਂ ਬਣੀ ਸੀ ਉਸ ਦਾ ਸਮਾਂ ਪੂਰਾ ਹੋ ਗਿਆ ਅਤੇ ਹੁਣ ਮੁੜ ਤੋਂ ਐਸੋਸੀਏਸ਼ਨ ਬਣਾਈ ਗਈ ਹੈ। ਉੱਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭੱਠਾ ਐਸੋਸੀਏਸ਼ਨਾਂ ਦੀਆਂ ਜੋ ਵੀ ਮੰਗਾਂ ਹਨ ਉਨ੍ਹਾਂ ਵੱਲ ਗ਼ੌਰ ਫ਼ਰਮਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।
ਜ਼ਿਕਰੇਖ਼ਾਸ ਹੈ ਕਿ ਐੱਨਜੀਟੀ ਵੱਲੋਂ ਬੀਤੇ ਸਾਲ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਨਵੀਂ ਤਕਨੀਕ ਦੇ ਭੱਠੇ ਬਣਾਉਣ ਲਈ ਸਰਕਾਰ ਨੇ ਐਸੋਸੀਏਸ਼ਨ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ ਪਰ ਹੁਣ ਐਸੋਸੀਏਸ਼ਨ ਵੱਲੋਂ ਸਰਕਾਰ ਤੋਂ ਇਕ ਸਾਲ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਨਵੀਂ ਤਕਨੀਕ ਨਾਲ ਭੱਠੇ ਬਣਾ ਕੇ ਬਿਨਾਂ ਪ੍ਰਦੂਸ਼ਣ ਕੀਤਿਆਂ ਇੱਟਾਂ ਬਣਾ ਸਕਣ।