ਲੁਧਿਆਣਾ: ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ 'ਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹੇ ਦੀ ਹੈਂਡਟੂਲ ਐਸੋਸੀਏਸ਼ਨ ਨੇ ਇੱਕ ਉਪਰਾਲਾ ਕੀਤਾ ਹੈ। ਹੈਂਡਟੂਲ ਐਸੋਸੀਏਸ਼ਨ ਨੇ ਗੁਰਦੁਆਰਾ ਸਾਹਿਬ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਮਦਦ ਦੇ ਤੌਰ 'ਤੇ ਦਿੱਤੇ। ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਮੌਜੂਦ ਰਹੇ।
ਮੀਡੀਆ ਦੇ ਰੂ-ਬ-ਰੂ ਹੁੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਐਸਸੀ ਰਹਲਨ ਨੇ ਦੱਸਿਆ ਕਿ ਇਨ੍ਹਾਂ ਸ਼ਹੀਦਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਇਸ ਸਦਕਾ ਇਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਹੈਂਡਟੂਲ ਐਸੋਸੀਏਸ਼ਨ ਨੇ ਰਲ ਕੇ ਉਪਰਾਲਾ ਕੀਤਾ ਹੈ।
ਮੌਕੇ 'ਤੇ ਮੌਜੂਦ ਰਹੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਹੈਂਡਟੂਲ ਐਸੋਸੀਏਸ਼ਨ ਨੇ ਇਨ੍ਹਾਂ ਨਾਲ ਕਿਸ ਤਰ੍ਹਾਂ ਰਾਬਤਾ ਕਾਇਮ ਕੀਤਾ ਹੈ।
ਦੱਸਣਯੋਗ ਹੈ ਕਿ 15-16 ਜੂਨ ਦੀ ਦਰਮਿਆਨੀ ਰਾਤ ਲਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਕਾਰ ਹਿੰਸਕ ਝੜਪ ਹੋਈ ਸੀ ਜਿਸ 'ਚ ਭਾਰਤ ਦੇ ਕੁੱਲ 20 ਜਵਾਨ ਸ਼ਹੀਦੇ ਹੋਏ ਸਨ। ਸ਼ਹੀਦ ਹੋਏ ਇਨ੍ਹਾਂ ਜਵਾਨਾਂ 'ਚ 4 ਜਵਾਨ ਪੰਜਾਬ ਨਾਲ ਸਬੰਧਤ ਸਨ। ਉਸ ਘਟਨਾ ਦੇ ਬਾਅਦ ਤੋਂ ਹੀ ਪੂਰੇ ਭਾਰਤ 'ਚ ਚੀਨ ਵਿਰੁੱਧ ਲੋਕਾਂ 'ਚ ਗੁੱਸਾ ਭਰਿਆ ਹੋਇਆ ਹੈ।
ਭਾਵੇਂ ਕਿ ਸ਼ਹੀਦਾਂ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨਾ ਜਿੱਥੇ ਸਰਕਾਰ ਦਾ ਫਰਜ਼ ਹੈ ਉੱਥੇ ਹੀ ਸਮਾਜ ਦੇ ਲੋਕਾਂ ਦਾ ਵੀ ਉਨ੍ਹਾਂ ਦਾ ਸਾਥ ਦੇਣਾ ਲਾਜ਼ਮੀ ਹੈ। ਇਸ ਤਰ੍ਹਾਂ ਲੁਧਿਆਣਾ ਦੇ ਹੈਂਡਟੂਲ ਐਸੋਸੀਏਸ਼ਨ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।