ਲੁਧਿਆਣਾ : ਸ਼ਹਿਰ ਇਸ ਵੇਲੇ ਲੁਟਾ-ਖੋਹਾਂ ਦੀ ਨਗਰੀ ਵਜੋਂ ਪ੍ਰਤੀਤ ਹੋਣ ਲੱਗਾ ਹੈ। ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗਿੱਲ ਰੋਡ ਸਥਿਤ IIFL ਤੋਂ ਲੁਟੇਰੇ 30 ਕਿਲੋ ਸੋਨਾ ਲੁਟ ਕੇ ਫਰਾਰ ਹੋ ਗਏ।ਇਸ ਵਾਰਦਾਤ ਨੂੰ ਚਾਰ ਨਕਾਬਪੋਸ਼ਾਂ ਵੱਲੋਂ ਅੰਜ਼ਾਮ ਦਿੱਤਾ ਗਿਆ।
ਇਸ ਘਟਨਾ ਦੀਆਂ ਕੁੱਝ ਤਸਵੀਰਾਂ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਜਿੰਨ੍ਹਾਂ ਰਾਹੀਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੜੀ ਹੀ ਅਸਾਨੀ ਨਾਲ ਇਹ ਚਾਰੇ ਨਕਾਬਪੋਸ਼ ਲੁਟੇਰੇ ਦਫ਼ਤਰ ਵਿੱਚ ਦਾਖ਼ਲ ਹੁੰਦੇ ਹਨ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇੱਕ ਕਾਰ ਵਿੱਚ ਬੈਠ ਰਫ਼ੂ-ਚੱਕਰ ਹੋ ਜਾਂਦੇ ਹਨ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੀ ਇੱਕ ਮੁਲਾਜ਼ਮ ਨੇ ਦੱਸਿਆ ਕਿ ਚਾਰ ਨਕਾਬਪੋਸ਼ ਲੁਟੇਰੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਕੰਪਨੀ ਦੇ ਮੁਲਾਜ਼ਮਾਂ ਨੂੰ ਬੰਨ੍ਹ ਕੇ ਲੋਕਰ ਵਿੱਚ ਰੱਖਿਆ 30 ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ :ਫ਼ੌਜ ਵਿੱਚ ਮਹਿਲਾਵਾਂ ਨੂੰ ਮਿਲੇਗਾ ਸਥਾਈ ਕਮਿਸ਼ਨ: SC
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਕਿਹਾ ਕਿ ਪੁਲਿਸ ਤੱਥਾਂ ਦੀ ਜਾਂਚ ਕਰ ਰਹੀ ਹੈ ਅਤੇ ਕੁੱਝ ਲੋਕਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਪਨੀ ਵੱਲੋਂ ਜਿਸ ਲੋਕਰ ਵਿੱਚ ਸੋਨਾ ਰੱਖਿਆ ਜਾਂਦਾ ਹੈ, ਉਹ ਲੋਕਰ ਸਿਰਫ਼ ਇੱਕ ਵਿਸ਼ੇਸ ਕੋਡ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ। ਉੱਥੇ ਮੌਜੂਦ ਲੋਕਾਂ ਵੱਲੋਂ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਗਈ ਕਿ ਇਨ੍ਹਾਂ ਲੁਟੇਰਿਆਂ ਨੂੰ ਲੋਕਰ ਦਾ ਕੋਡ ਕਿਸ ਤਰ੍ਹਾਂ ਪਤਾ ਸੀ।