ਲੁਧਿਆਣਾ: ਫਾਇਰ ਬ੍ਰਿਗੇਡ ਦੀ ਲਾਪਰਵਾਹੀ ਦਾ ਇੱਕ RTI ਵਿੱਚ ਵੱਡਾ ਖੁਲਾਸਾ ਹੋਇਆ ਹੈ। ਲੁਧਿਆਣਾ ਵਿੱਚ ਹਜ਼ਾਰਾਂ ਕਮਰਸ਼ੀਅਲ ਇਮਾਰਤਾਂ ਵਿੱਚੋਂ ਮਹਿਜ਼ 525 ਕੋਲ ਫਾਇਰ ਸੇਫਟੀ ਦੇ ਬੰਦੋਬਸਤ ਹਨ, ਜਦਕਿ ਸਿਰਫ਼ 24 ਇਜੂਕੇਸ਼ਨਲ ਇਸਟੀਚਿਊਟ ਦੇ ਕੋਲ ਹੀ ਫਾਇਰ ਸੁਰੱਖਿਆ ਸਰਟੀਫਿਕੇਟ ਹਨ। ਇਸ ਦਾ ਖੁਲਾਸਾ ਖੁਦ ਫਾਇਰ ਵਿਭਾਗ ਨੇ 2019 ਤੋਂ ਲੈਕੇ 2022 ਤੱਕ ਦੇ ਦਿੱਤੇ ਡਾਟਾ ਵਿੱਚ ਖੁਲਾਸਾ ਕੀਤਾ ਹੈ। ਇਸ ਦੀ ਸ਼ਿਕਾਇਤ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸਣੇ ਕਾਰਪੋਰੇਸ਼ਨ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਲਿਖ਼ਤੀ ਰੂਪ ਦੇ ਵਿੱਚ ਭੇਜੀ ਹੈ ਜਿਸ ਉੱਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਮਈ 2022 ਵਿੱਚ ਪਾਈ ਇਸ ਸ਼ਿਕਾਇਤ ਉੱਤੇ ਕਈ ਰਿਮਾਇੰਡਰ ਪਾਉਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਜਦਕਿ ਫਾਇਰ ਵਿਭਾਗ ਸਟਾਫ ਦੀ ਕਮੀ ਦਾ ਹਵਾਲਾ ਦੇਕੇ ਆਪਣੀ ਜਿੰਮੇਵਾਰੀ ਤੋਂ ਭੱਜਦਾ ਵਿਖਾਈ ਦੇ ਰਿਹਾ ਹੈ।
RTI 'ਚ ਖੁਲਾਸੇ: ਲੁਧਿਆਣਾ ਫਾਇਰ ਵਿਭਾਗ ਤੋਂ ਇੰਡੀਆਂ ਬਿਲਡਿੰਗ ਕੋਡ ਦੀਆਂ ਵੱਖ ਵੱਖ ਕੈਟੇਗਰੀ ਦੇ ਤਹਿਤ ਮੰਗੇ ਗਏ ਜਵਾਬ ਵਿੱਚ 2019 ਤੋਂ ਲੈ ਕੇ ਸਾਲ 2022 ਦੇ ਤੱਕ ਫਾਇਰ ਵਿਭਾਗ ਵੱਲੋਂ ਕਿੰਨੀਆਂ ਇਮਾਰਤਾਂ ਨੂੰ ਐਨਓਸੀ ਦਿੱਤੀ ਗਈ ਹੈ ਇਸ ਦਾ ਹੀ ਖੁਲਾਸਾ ਕੀਤਾ ਗਿਆ ਹੈ। ਜਿਸ ਚ 1141 ਇੰਡਸਟਰੀ ਯੂਨਿਟ, 76 ਮੈਰਿਜ ਪੈਲੇਸ, 69 ਗੋਦਾਮ, 525 ਕਮਰਸ਼ੀਅਲ ਇਮਾਰਤਾਂ, 1,541 ਸਕੂਲ, 393 ਹਸਪਤਾਲ, 32 ਸ਼ਾਪਿੰਗ ਮਾਲ ਅਤੇ ਮਹਿਜ਼ 24 ਕੋਚਿੰਗ ਕੇਂਦਰਾਂ ਨੂੰ ਹੀ ਸਾਲ 2019 ਤੋਂ ਲੈਕੇ 2022 ਤੱਕ ਫਾਇਰ ਵਿਭਾਗ ਵੱਲੋਂ ਐਨਓਸੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਦੀ ਕੁੱਲ ਮਿਲਾ ਕੇ ਗਿਣਤੀ 3,801 ਦੇ ਕਰੀਬ ਬਣਦੀ ਹੈ।
ਵੱਡੀ ਅਣਗਿਹਲੀ: ਇੰਡੀਆਂ ਬਿਲਡਿੰਗ ਕੋਡ ਦੇ ਵਿੱਚ ਵੱਖ-ਵੱਖ ਇਕਾਈਆਂ ਵਿੱਚ ਇਨ੍ਹਾਂ ਨੂੰ ਵੰਡਿਆ ਗਿਆ ਹੈ। ਗਰੁੱਪ 'ਏ' 'ਚ ਰਿਹਾਇਸ਼ੀ, ਗਰੁੱਪ 'ਬੀ' ਸਿੱਖਿਅਕ ਅਦਾਰੇ, ਗਰੁੱਪ 'ਸੀ' 'ਚ ਇੰਸਟੀਚਿਊਸ਼ਨਲ, ਗਰੁੱਪ 'ਡੀ' 'ਚ ਅਸੈਂਬਲੀ, ਗਰੁੱਪ 'ਈ' 'ਚ ਵਪਾਰਕ ਅਦਾਰੇ ਅਤੇ ਐਡ ਅਤੇ ਮਰਸਨਟਾਇਲ, ਗਰੁੱਪ 'ਜੀ' 'ਚ ਕਾਰੋਬਾਰੀ ਯੂਨਿਟ, ਗਰੁੱਪ 'ਐਚ' 'ਚ ਗੋਦਾਮ, ਗਰੁੱਪ 'ਜੇ' 'ਚ ਹੈ। ਜ਼ਾਡਜ਼ ਇਮਾਰਤਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਫਾਇਰ ਸੇਫਟੀ ਪੈਰਾਮੀਟਰ ਹਨ। ਇਨ੍ਹਾਂ ਇਮਾਰਤਾਂ ਨੂੰ ਬਣਾਉਣ ਤੋਂ ਬਾਅਦ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ।
ਰੋਹਿਤ ਸਭਰਵਾਲ ਨੇ ਕਿਹਾ ਹੈ ਕਿ ਸਾਰੇ ਹੀ ਹੁਕਮਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਇਮਾਰਤਾਂ ਨੂੰ ਨਾਲ ਬਣਾਇਆ ਜਾ ਰਿਹਾ ਹੈ ਅਤੇ ਜਦੋਂ ਕੋਈ ਅੱਗਜਨੀ ਦੀ ਘਟਨਾ ਹੋ ਜਾਂਦੀ ਹੈ, ਤਾਂ ਸਾਰਿਆਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਵੱਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਅੱਗ ਬੁਝਾਊ ਅਮਲਾ ਵੀ ਤੁਰੰਤ ਅੱਗ ਬੁਝਾਉਣ ਲਈ ਪਹੁੰਚ ਜਾਂਦਾ ਹੈ, ਪਰ ਇਸ ਗੱਲ ਦੀ ਜਾਂਚ ਨਹੀਂ ਹੁੰਦੀ ਕਿ ਆਖਿਰਕਾਰ ਅੱਗ ਕਿਉਂ ਲੱਗੀ ਅਤੇ ਇਮਾਰਤ ਵਿੱਚ ਅੱਗ ਬੁਝਾਉਣ ਵਾਲੇ ਯੰਤਰਾਂ ਕਿਉਂ ਨਹੀਂ ਸੀ।
ਫਾਇਰ ਵਿਭਾਗ ਦਾ ਤਰਕ: ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਦੇ ਫਾਇਰ ਬ੍ਰਿਗੇਡ ਦਫ਼ਤਰ ਗੱਲਬਾਤ ਕਰਨ ਲਈ ਪਹੁੰਚੇ ਤਾਂ ਮੁੱਖ ਅਫਸਰ ਸਵਰਨ ਥਿੰਦ ਨੇ ਕਿਹਾ ਕਿ ਕਿਸੇ ਨੂੰ ਐਨਓਸੀ ਦੇਣਾ ਸਾਡਾ ਕੰਮ ਨਹੀਂ ਹੈ, ਜੇਕਰ ਕੋਈ ਆਨ ਲਾਈਨ ਅਪਲਾਈ ਕਰਦਾ ਹੈ ਤਾਂ ਅਸੀਂ ਉਸ ਨੂੰ ਐਨਓਸੀ ਜਾਰੀ ਕਰ ਦਿੰਦੇ ਹਨ, ਹਾਲਾਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੀ ਟੀਮ ਭੇਜ ਕੇ ਉੱਥੇ ਫਾਇਰ ਸੁਰੱਖਿਆ ਦੇ ਬੰਦੋਬਸਤ ਚੈੱਕ ਕਰਦੇ ਹੋ ਜਾਂ ਨਹੀਂ ਤਾਂ ਉਨ੍ਹਾਂ ਨੇ ਦਬੀ ਜਿਹੀ ਆਵਾਜ਼ ਦੇ ਵਿੱਚ ਇਹ ਜਰੂਰ ਕਿਹਾ ਕਿ ਅਸੀਂ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕਮੀ ਹੈ, ਅਸੀਂ ਲੁਧਿਆਣਾ ਇਮਾਰਤਾਂ ਫੈਕਟਰੀਆਂ ਫਾਇਰ ਸੁਰੱਖਿਆ ਦੇ ਬੰਦੋਬਸਤ ਹੈ ਜਾਂ ਨਹੀਂ ਇਸ ਸਬੰਧੀ ਜਾ ਜਾ ਕੇ ਚੈੱਕ ਨਹੀਂ ਕਰ ਸਕਦੇ।
ਵੱਡੇ ਹਾਦਸੇ: ਸਿਰਫ ਪੰਜਾਬ 'ਚ ਨਹੀਂ, ਸਗੋ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਈ ਅਜਿਹੇ ਵੱਡੇ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਤੋਂ ਸਬਕ ਲੈਣ ਦੀ ਲੋੜ ਹੈ। ਲੁਧਿਆਣਾ ਦੇ ਚੀਮਾ ਚੌਂਕ ਵਿੱਚ ਸਥਿਤ ਗੋਲਾ ਫੈਕਟਰੀ ਵਿੱਚ 6 ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਲੁਧਿਆਣਾ ਵਿੱਚ ਆਏ ਦਿਨ ਅੱਗਜ਼ਨੀ ਦੀਆਂ ਘਟਨਾਵਾਂ ਹੁੰਦੀਆਂ ਹਨ। ਜੂਨ 2023 ਵਿੱਚ ਦਿੱਲੀ ਦੇ ਮੁਖਰਜੀ ਨਗਰ ਵਿੱਚ ਇਸੇ ਤਰ੍ਹਾਂ ਇਕ ਇੰਸਟੀਟਿਊਟ ਦੇ ਵਿੱਚ ਅੱਗ ਲੱਗਣ ਕਰਕੇ 60 ਵਿਦਿਆਰਥੀ ਜਖ਼ਮੀ ਹੋ ਗਏ। ਜਨਵਰੀ 2021 ਵਿੱਚ ਯੂਪੀ ਦੇ ਸੀਰਮ ਵਿੱਚ ਅੱਗ ਲੱਗਣ ਕਰਕੇ 5 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ਕਈ ਹਾਦਸੇ ਹਨ ਜਿਸ ਕਰਕੇ ਫਾਇਰ ਸੁਰਖਿਆ ਦੇ ਪ੍ਰਬੰਧ ਪੂਰੇ ਨਾ ਹੋਣ 'ਤੇ ਸਵਾਲ ਉੱਠਦੇ ਰਹੇ ਹਨ।