ਲੁਧਿਆਣਾ: ਮਾਮਲਾ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਅਤੇ ਮੌਜੂਦਾ ਕੌਂਸਲਰ ਨੀਲਮ ਸ਼ਰਮਾ ਦੇ ਪਤੀ ਦੀ ਆਪਸੀ ਲੜਾਈ ਦਾ ਹੈ। ਕੌਂਸਲਰ ਦੇ ਪਤੀ ਅਤੇ ਬੇਟੇ ਦੇ ਸੱਟਾਂ ਲੱਗੀਆਂ ਹਨ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹਨ। ਸਾਬਕਾ ਕੌਂਸਲਰ ਉਪਰ ਮੌਜੂਦਾ ਕੌਂਸਲਰ ਦੇ ਬੇਟੇ ਦੇ ਸਿਰ 'ਤੇ ਰਿਵਾਲਵਰ ਦਾ ਬੱਟ ਮਾਰਨ ਦੇ ਦੋਸ਼ ਲੱਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਲੜਾਈ ਉਦੋਂ ਹੋਈ, ਜਦੋਂ ਸਾਬਕਾ ਕੌਂਸਲਰ ਵੱਲੋਂ ਪ੍ਰਾਈਵੇਟ ਬੱਸਾਂ ਉੱਤੇ ਪ੍ਰਵਾਸੀਆਂ ਨੂੰ ਲਿਜਾਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਮੌਜੂਦਾ ਕੌਂਸਲਰ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਲੜਾਈ ਹੋ ਗਈ। ਦੋਵਾਂ ਧਿਰਾਂ ਵੱਲੋਂ ਇਕ ਦੂਜੇ 'ਤੇ ਇਲਜ਼ਾਮ ਲਗਾਏ ਗਏ ਹਨ।
ਮੌਜੂਦਾ ਕੌਂਸਲਰ ਦੇ ਪਤੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਾਬਕਾ ਕੌਂਸਲਰ ਨੇ ਉਸ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਹੈ। ਮੌਜੂਦਾ ਕੌਂਸਲਰ ਦੇ ਬੇਟੇ ਨੇ ਦੱਸਿਆ ਕਿ ਰਿਵਾਲਵਰ ਦਾ ਬੱਟ ਮਾਰਨ ਨਾਲ ਉਸ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ।
ਉਧਰ, ਦੂਜੇ ਪਾਸੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਨੇ ਕਿਹਾ ਕਿ ਮੌਜੂਦਾ ਕੌਂਸਲਰ ਦੇ ਪਤੀ ਵੱਲੋਂ ਜਾਣ-ਬੁੱਝ ਕੇ ਅੱਜ ਉਨ੍ਹਾਂ ਨਾਲ ਲੜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਲੜਾਈ ਹੋਈ ਹੈ ਉਹ ਦਫ਼ਤਰ ਸਾਡਾ ਹੈ ਅਤੇ ਮੌਜੂਦਾ ਕੌਂਸਲਰ ਦਾ ਉਸ ਥਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ ਰਿਵਾਲਵਰ ਨਾਲ ਸੱਟਾਂ ਮਾਰਨ ਦੀ ਗੱਲ ਨੂੰ ਵੀ ਉਸ ਨੇ ਗ਼ਲਤ ਕਰਾਰ ਦੱਸਿਆ ਹੈ।