ਲੁਧਿਆਣਾ: ਇੱਥੋ ਦੇ ਐਡੀਸ਼ਨਲ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਪੀੜਿਤ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਸਾਲ 2019 'ਚ ਪੁਲਿਸ ਨੇ ਦੋਰਾਹਾ ਥਾਣੇ 'ਚ ਮਾਮਲਾ ਦਰਜ ਕਰਕੇ 2 ਮੁਲਜ਼ਮ ਜਿਨ੍ਹਾਂ ਦੀ ਸ਼ਨਾਖਤ ਰੋਹਿਤ ਕੁਮਾਰ ਅਤੇ ਵਿਨੋਦ ਵਜੋਂ ਹੋਈ ਸੀ, ਦੋਵਾਂ ਨੂੰ ਗ੍ਰਿਫਤਾਰ ਕੀਤਾ ਸੀ। 4 ਸਾਲ ਤੱਕ ਟ੍ਰਾਇਲ ਚੱਲਣ ਤੋਂ ਬਾਅਦ ਆਖਿਰਕਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
2019 ਦਾ ਹੈ ਮਾਮਲਾ: ਦੋਸ਼ੀਆਂ ਨੇ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ 10 ਮਾਰਚ 2019 ਨੂੰ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਦੋਰਾਹਾ ਪੁਲਿਸ 'ਚ ਉਨ੍ਹਾਂ ਖਿਲਾਫ 6 ਪੋਸਕੋ ਅਤੇ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਅਤੇ ਵਿਨੋਦ ਵਾਸੀ ਦੋਰਾਹਾ ਵਜੋਂ ਹੋਈ ਸੀ।
ਵਧੀਕ ਜ਼ਿਲ੍ਹਾ ਅਟਾਰਨੀ ਬੀਡੀ ਗੁਪਤਾ ਮੁਤਾਬਿਕ ਇਹ ਜੁਰਮ ਰੋਹਿਤ ਕੁਮਾਰ ਅਤੇ ਵਿਨੋਦ ਨੇ ਕੀਤਾ ਸੀ, ਜੋ ਕਿ ਦੋਰਾਹਾ ਵਿੱਚ ਹੀ ਮਜ਼ਦੂਰ ਵਜੋਂ ਕੰਮ ਕਰਦੇ ਸਨ। ਵਿਨੋਦ ਪੀੜਤਾ ਦਾ ਚਚੇਰਾ ਭਰਾ ਸੀ, ਜਿਸ ਨੇ ਉਸ ਨੂੰ ਕਿਸੇ ਇਕਾਂਤ ਥਾਂ 'ਤੇ ਬੁਲਾਇਆ ਅਤੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਬੱਚੀ ਦੋਸ਼ੀ ਵਿਨੋਦ ਦੀ ਸ਼ਨਾਖ਼ਤ ਨਾ ਕਰ ਦੇਵੇ, ਇਸ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਅਜਿਹੇ ਲੋਕ ਸਮਾਜ ਲਈ ਖ਼ਤਰਨਾਰ: ਮਾਣਯੋਗ ਅਦਾਲਤ ਵਿੱਚ ਸੁਣਵਾਈ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਮੇਸ਼ ਕਪੂਰ ਨੇ ਦੱਸਿਆ ਕਿ ਦੋਸ਼ੀਆਂ ਨੇ 4 ਸਾਲ ਪਹਿਲਾਂ ਬੱਚੀ ਨਾਲ ਗ਼ਲਤ ਕੰਮ ਕੀਤੇ ਅਤੇ ਫਿਰ ਉਸ ਨੂੰ ਜਾਨੋਂ ਮਾਰ ਦਿੱਤਾ। ਇਸ ਦੀ ਸ਼ਿਕਾਇਤ ਮ੍ਰਿਤਕ ਬੱਚੀ ਦੇ ਪਿਤਾ ਵੱਲੋਂ ਕੀਤੀ ਗਈ ਸੀ। ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਅੱਜ ਇਸ ਮਾਮਲੇ ਵਿੱਚ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੱਜ ਨੇ ਕਿਹਾ ਕਿ ਅਜਿਹੇ ਦੋਸ਼ੀ ਸਮਾਜ ਵਿੱਚ ਜੇਕਰ ਖੁੱਲ੍ਹੇ ਛੱਡੇ ਜਾਣ, ਤਾਂ ਇਹ ਸਮਾਜ ਲਈ ਖ਼ਤਰਾ ਹਨ। ਜੇਕਰ ਇਨ੍ਹਾਂ ਨੂੰ ਛੱਡਿਆ ਜਾਂਦਾ ਹੈ, ਤਾਂ ਸਮਾਜ ਵਿੱਚ ਗ਼ਲਤ ਮੈਸੇਜ ਜਾਵੇਗਾ। ਜੱਜ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹੋਏ, 2 ਲੱਖ ਵੀਹ ਹਜ਼ਾਰ ਦਾ ਜ਼ੁਰਮਾਨਾ ਲਾਇਆ। ਨਾਲ ਹੀ, ਪੀੜਤ ਪਰਿਵਾਰ ਨੂੰ ਕਰੀਬ 5 ਲੱਖ ਹਰਜ਼ਾਨਾ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਚੱਲਦੇ ਮਾਣਯੋਗ ਜੱਜ ਨੇ ਦੋਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਅਪਡੇਟ, ਫਗਵਾੜਾ 'ਚ ਮਿਲੀ ਲਾਵਾਰਿਸ ਕਾਰ ਦਾ ਮਾਲਿਕ ਨਿਕਲਿਆ ਪੀਲੀਭੀਤ ਦਾ ਜਥੇਦਾਰ !