ਲੁਧਿਆਣਾ: ਕਰੋੜਾਂ ਦੀ ਲਾਗਤ ਵਾਲਾ 'ਸਿਟੀ ਸੈਂਟਰ' ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਆਮ ਆਦਮੀ ਪਾਰਟੀ ਵੱਲੋਂ ਆਪਣੇ ਪੇਜ 'ਤੇ 'ਸਿਟੀ ਸੈਂਟਰ' ਦੀ ਥਾਂ ਪੀ ਜੀ ਆਈ ਵਰਗਾ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਲੁਧਿਆਣਾ ਦੇ ਪੋਰਸ਼ ਇਲਾਕੇ 'ਚ ਸਥਿਤ ਸਿਟੀ ਸੈਂਟਰ ਦੀ ਇਮਾਰਤ ਆਪਣੀ ਤਰਸਯੋਗ ਹਾਲਤ 'ਤੇ ਅੱਜ ਵੀ ਰੋ ਰਹੀ ਹੈ। ਹਲਕੇ ਦੇ ਆਪ ਐਮ ਐਲ ਏ ਨੇ ਦਾਅਵਾ ਕੀਤਾ ਕਿ ਅਸੀਂ ਭ੍ਰਿਸ਼ਟਾਚਾਰ ਦੀ ਇਸ ਜੜ ਨੂੰ ਪੁੱਟ ਕੇ ਲੋਕਾਂ ਦੀ ਸਿਹਤ ਦੇ ਲਈ ਨਵਾਂ ਬੂਟਾ ਲਾਵਾਂਗੇ। 1144 ਕਰੋੜ ਰੁਪਏ ਦੇ ਘੁਟਾਲੇ ਵਾਲੇ ਇਹ ਪ੍ਰੋਜੇਕਟ ਹੁਣ ਆਮ ਆਦਮੀ ਪਾਰਟੀ ਦਾ ਡ੍ਰੀਮ ਪ੍ਰੋਜੈਕਟ ਬਣ ਗਿਆ ਹੈ। ਜਿੱਥੇ ਐਮ ਐਲ ਏ ਦਾਅਵੇ ਕਰ ਰਹੇ ਨੇ ਉੱਥੇ ਹੀ ਉਨ੍ਹਾਂ ਦਾਅਵਿਆਂ ਨੂੰ ਸੀਨੀਅਰ ਵਕੀਲ ਅਤੇ ਅਕਾਲੀ ਦਲ ਦੇ ਆਗੂ ਨੇ ਸਿਰੇ ਤੋਂ ਨਾਕਾਰ ਦਿੱਤਾ ਹੈ।
ਕਦੋਂ ਆਇਆ ਪ੍ਰੋਜੈਕਟ: 1979 ਦੇ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ 'ਸਿਟੀ ਸੈਂਟਰ' ਦੀ ਯੋਜਨਾ ਤਿਆਰ ਕੀਤੀ ਗਈ ਸੀ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 475 ਏਕੜ ਜ਼ਮੀਨ ਉਸ ਸਮੇਂ ਦੇ 26.44 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸੈਂਟਰ ਦੇ ਲਈ ਰਾਖਵੀਂ ਰੱਖੀ ਗਈ ਸੀ ਪਰ ਇਹ ਪ੍ਰੋਜੈਕਟ 2 ਦਹਾਕੇ ਤੱਕ ਠੰਢੇ ਬਸਤੇ ਰਿਹਾ ਪਰ 2002 ਤੋਂ 2007 ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ 2005 'ਚ ਪੀ ਪੀ ਪੀ ਮੋਡ ਯਾਨੀ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਨਾਲ ਬਣਾਉਣ ਦਾ ਖਾਕਾ ਤਿਆਰ ਕੀਤਾ, ਜਿਸ ਤੋਂ ਬਾਅਦ ਭ੍ਰਿਸਟਾਚਾਰ ਵਾਲੀ ਇਮਾਰਤ ਦੀ ਨੀਂਹ ਰੱਖੀ ਗਈ।
ਕਿੰਨੀ ਆਈ ਲਾਗਤ: ਇਸ ਪ੍ਰੋਜੈਕਟ ਦੇ ਲਈ 10 ਲੱਖ 70 ਹਜ਼ਾਰ 553 ਵਰਗ ਫੁੱਟ ਦਾ ਏਰੀਆ ਰੱਖਿਆ ਗਿਆ ਸੀ। ਜਿਸ 'ਚ ਸ਼ਾਪਿੰਗ ਮਾਲ, ਮਲਟੀਪਲੈਕਸ, ਬੈਂਕ, ਸੁਪਰ ਮਾਰਕੀਟ, ਮਿਊਜ਼ੀਅਮ, ਆਈ ਟੀ ਸੈਂਟਰ ਅਤੇ ਸਿਹਤ ਕੇਂਦਰ ਬਣਾਏ ਜਾਣੇ ਸਨ। ਪਾਰਕਿੰਗ ਏਰੀਆ ਮਿਲਾ ਕੇ ਇਹ ਲਗਭਗ 26 ਲੱਖ ਵਰਗ ਫੁੱਟ ਦੇ ਕਰੀਬ ਏਰੀਆ ਬਣ ਜਾਂਦਾ ਹੈ। ਇਸ ਦੀ ਉਚਾਈ 100 ਫੁੱਟ ਦੇ ਕਰੀਬ ਰਾਖੀ ਗਈ ਸੀ। ਬਹੁ ਮੰਜਿਲਾ ਇਸ ਇਮਾਰਤ ਨੂੰ ਸ਼ਹਿਰ ਦੇ ਵਿਚਕਾਰ ਤਿਆਰ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਪ੍ਰੋਜੈਕਟ ਆਪਣੇ ਪਹਿਲੇ ਪੜਾਅ 'ਤੇ ਹੀ ਭ੍ਰਿਸਟਾਚਾਰ ਦੇ ਇਲਾਜ਼ਾਮਾਂ 'ਚ ਘਿਰ ਗਿਆ। ਇਸ ਇਮਾਰਤ 'ਤੇ 100 ਕਰੋੜ ਦੇ ਵੱਡੇ ਘਪਲੇ ਦਾ ਵਿਜੀਲੈਂਸ ਨੇ ਇਲਜ਼ਾਮ ਲਗਾਇਆ।
ਕਿਸ 'ਤੇ ਹੋਇਆ ਮਾਮਲਾ ਦਰਜ: 2007 'ਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਪੰਜਾਬ 'ਚ ਬਣੀ ਉਸ ਤੋਂ ਬਾਅਦ ਬਹੁ-ਕਰੋੜੀ ਇਸ ਪ੍ਰੋਜੈਕਟ 'ਚ ਵਿਜੀਲੈਂਸ ਨੇ ਪਹਿਲੀ ਵਾਰ ਮਾਮਲਾ ਦਰਜ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਸਣੇ 36 ਲੋਕਾਂ 'ਤੇ ਮਾਰਚ 2007 'ਚ ਮਾਮਲਾ ਦਰਜ ਕਰ ਲਿਆ ਗਿਆ। ਇਹ ਮਾਮਲਾ ਤਤਕਾਲੀ ਵਿਜੀਲੈਂਸ ਦੇ ਐੱਸ ਐਸ ਪੀ ਕੰਵਲਜੀਤ ਸਿੰਘ ਨੇ ਦਰਜ ਕੀਤਾ ਸੀ। ਦਸੰਬਰ 2007 'ਚ 130 ਪੇਜਾਂ ਦੀ ਚਾਰਜਸ਼ੀਟ ਦਾਖਿਲ ਕੀਤੀ ਗਈ ਜਿਸ ਤੋਂ ਬਾਅਦ 10 ਸਾਲ ਤੱਕ ਇਹ ਕੇਸ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਚਲਦਾ ਰਿਹਾ।
ਕੈਪਟਨ ਨੂੰ ਮਿਲੀ ਕਲੀਨ ਚਿਟ: 2017 'ਚ ਇਹ ਮਾਮਲਾ ਫਿਰ ਸੁਰਖੀਆਂ 'ਚ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ। ਵਿਜੀਲੈਂਸ ਨੇ ਇਸ ਘੁਟਾਲੇ ਮਾਮਲੇ ਦੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਅਤੇ ਇਸ ਮਾਮਲੇ 'ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਸਣੇ 31 ਲੋਕਾਂ ਨੂੰ ਕਲੀਨ ਚਿਟ ਦੇ ਦਿੱਤੀ ਜਦੋਂ ਕੇ ਇਸ ਮਾਮਲੇ 'ਚ 5 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ 'ਚ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਮਲਕੀਤ ਕੌਰ, ਵਿਜੇ ਕੁਮਾਰ, ਪਰਮਜੀਤ ਅਤੇ ਸੁਨੀਲ ਸ਼ਰਮਾ ਸ਼ਾਮਿਲ ਹਨ।
'ਸਿਟੀ ਸੈਂਟਰ' 'ਤੇ ਭਖੀ ਸਿਆਸਤ: ਇਸ ਪੂਰੇ ਮੁੱਦੇ ਨੂੰ ਲੈ ਕੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਅਸੀਂ ਜਿਸ ਕੰਪਨੀ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨ ਤੋਂ ਬਾਅਦ ਅਤੇ ਇਮਪਰੂਵਮੈਂਟ ਟਰੱਸਟ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਥਾਂ ਨੂੰ ਲੋਕਾਂ ਦੇ ਭਲੇ ਲਈ ਵਰਤਾਂਗੇ। ਉਹਨਾਂ ਕਿਹਾ ਕਿ ਸੈਟਲਮੈਂਟ ਹੋ ਸਕਦੀ ਹੈ ਅਤੇ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪ੍ਰਪੋਜ਼ਲ ਵੀ ਬਣਾ ਕੇ ਭੇਜਣਗੇ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਇਸ ਨੂੰ ਗੰਭੀਰਤਾ ਨਾਲ ਲੈਣਗੇ। ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਹਰੀਸ਼ ਰਾਏ ਨੇ ਕਿਹਾ ਹੈ ਕਿ ਸਿਟੀ ਸੈਂਟਰ ਦੀ ਥਾਂ ਤੇ ਪੀਜੀਆਈ ਵਰਗਾ ਹਸਪਤਾਲ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ, ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟ ਕੇਂਦਰ ਸਰਕਾਰ ਲੈ ਕੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ 'ਤੇ ਵੀ ਇਸੇ ਤਰ੍ਹਾਂ ਸਿਟੀ ਸੈਂਟਰ 'ਤੇ ਕੋਈ ਨਿਰਮਾਣ ਨਹੀਂ ਹੋ ਸਕਦਾ ਜਦੋਂ ਜਿਸ ਕੰਪਨੀ ਨੂੰ ਨੁਕਸਾਨ ਹੋਇਆ ਸੀ ਉਸ ਦੀ ਭਰਪਾਈ ਨਹੀਂ ਕੀਤੀ ਜਾਂਦੀ।