ਲੁਧਿਆਣਾ: ਸਥਾਨਕ ਸ਼ਹਿਰ ਦੇ ਨਿੱਜੀ ਸਕੂਲ ਤੋਂ ਰਾਸ਼ਨ ਦੇ ਥੈਲੇ ਮਿਲਣ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ, ਮੰਤਰੀ ਆਸ਼ੂ ਨੇ ਇਸ ਵਿੱਚ ਜਾਂਚ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਐਸਆਈਟੀ ਬਣਾਈ ਸੀ ਪਰ ਹੁਣ ਐਸਆਈਟੀ ਵੀ ਕਾਂਗਰਸ ਦਾ ਸਾਥ ਦਿੰਦੀ ਦਿਖਾਈ ਦੇ ਰਹੀ ਹੈ।
ਇਸ ਪੂਰੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਭਾਜਪਾ ਦੇ ਆਗੂ ਪ੍ਰਵੀਨ ਬਾਂਸਲ ਐਸਆਈਟੀ ਮੈਂਬਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਜਾਂਚ ਕਮੇਟੀ ਦੇ ਮੈਂਬਰ ਨੇ ਸਾਫ਼ ਕਿਹਾ ਕਿ 4000 ਨਹੀਂ ਸਗੋਂ 700 ਰਾਸ਼ਨ ਦੇ ਥੈਲੇ ਮਿਲੇ ਸਨ, ਉਨ੍ਹਾਂ ਕਿਹਾ ਕਿ ਸਾਰੇ ਰਾਸ਼ਨ ਨੂੰ ਲੋਕਾਂ 'ਚ ਵੰਡਿਆ ਜਾ ਰਿਹਾ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸਕੈਮ ਨਹੀਂ ਹੈ।
ਜਾਂਚ ਲਈ ਬਣਾਈ ਗਈ ਐਸਆਈਟੀ ਦੀ ਮੈਂਬਰ ਨੇ ਕਿਹਾ ਕਿ ਸਕੂਲ ਵਿੱਚੋ ਉਨ੍ਹਾਂ ਨੂੰ 700 ਰਾਸ਼ਨ ਦੇ ਥੈਲੇ ਪਹਿਲਾ ਮਿਲੇ ਸਨ ਅਤੇ ਇਸ ਤੋਂ ਪਹਿਲਾਂ 300 ਥੈਲੇ ਲੋਕਾਂ ਵਿੱਚ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਥੈਲੇ ਲੋਕਾਂ ਵਿੱਚ ਹੀ ਵੰਡੇ ਜਾ ਰਹੇ ਹਨ। ਉਨ੍ਹਾਂ ਕੋਲ ਸਾਰਾ ਰਿਕਾਰਡ ਹੈ, ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਕੈਮ ਨਹੀਂ ਹੈ। ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 5 ਲੱਖ ਤੋਂ ਵੱਧ ਕਿੱਟਾਂ ਆਈਆਂ ਸਨ ਜਿਨ੍ਹਾਂ ਵਿੱਚੋ ਤਿੰਨ ਲੱਖ ਤੋਂ ਵੱਧ ਉਹ ਵੰਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਰ ਜਰੂਰਤ ਪਈ ਤਾਂ ਉਹ ਵੀ ਮੰਗਵਾ ਕੇ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਟਾਂ ਮਜ਼ਦੂਰ ਵਰਗ ਵਿੱਚ ਵੰਡੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਵੱਲੋਂ ਇਸ ਪੂਰੇ ਸਕੈਮ ਨੂੰ ਉਜਾਗਰ ਕੀਤਾ ਗਿਆ ਸੀ। ਪ੍ਰਵੀਨ ਬਾਂਸਲ ਨੇ ਇਸ ਜਾਂਚ 'ਤੇ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਛਾਪੇਮਾਰੀ ਕੀਤੀ ਸੀ ਤਾਂ ਮੀਡੀਆ ਨਾਲ ਸੀ ਅਤੇ ਉੱਥੇ ਹਜ਼ਾਰਾਂ ਥੈਲੇ ਸਨ ਜੋ ਕਿ ਰਾਤੋਂ-ਰਾਤ ਗਾਇਬ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਂਚ 'ਤੇ ਭਰੋਸਾ ਨਹੀ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਨਹੀਂ ਸਗੋਂ ਪੰਜਾਬ ਦੇ ਹਰ ਸ਼ਹਿਰ ਵਿੱਚ ਘੁਟਾਲਾ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਭੇਜਿਆ ਗਿਆ ਰਾਸ਼ਨ ਵੀ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਗਰੀਬਾਂ ਦਾ ਅੰਨ ਖਾਣ ਤੋਂ ਮਾੜਾ ਕੰਮ ਹੋਰ ਕੋਈ ਨਹੀਂ ਹੋ ਸਕਦਾ।