ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ ਸਿਰਫ਼ ਆਪਣੇ ਹਵਾ ਪ੍ਰਦੂਸ਼ਣ ਲਈ ਨਹੀਂ ਸਗੋਂ ਧੁਨੀ ਪ੍ਰਦੂਸ਼ਣ ਲਈ ਵੀ ਜਾਣਿਆ ਜਾਂਦਾ ਹੈ। ਕਿਉਂਕਿ ਲੁਧਿਆਣਾ ਵਿਚ ਚਾਲੀ ਲੱਖ ਤੋਂ ਵੱਧ ਦੀ ਆਬਾਦੀ ਵਸਦੀ ਹੈ ਅਤੇ ਲੁਧਿਆਣਾ ਵਿਚ ਹਜ਼ਾਰਾਂ ਫੈਕਟਰੀਆਂ ਨੇ ਜਿੱਥੇ ਪੈਦਾ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਸੜਕਾਂ ’ਤੇ ਦੌੜਨ ਵਾਲੀਆਂ ਗੱਡੀਆਂ ਕਰਕੇ ਵੀ ਧੁਨੀ ਪ੍ਰਦੂਸ਼ਣ ਬਹੁਤ ਵਧ ਜਾਂਦਾ ਹੈ, ਜੇਕਰ ਸ਼ਾਮ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ’ਤੇ ਆਮ ਵਿਅਕਤੀ ਦਾ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਨਿੱਤ ਵੱਧ ਰਹੇ ਧੁਨੀ ਪ੍ਰਦੂਸ਼ਣ ਕਾਰਨ ਲੋਕ ਕੰਨਾਂ ਦੀਆਂ ਬੀਮਾਰੀਆਂ ਤੋਂ ਹੋ ਰਹੇ ਹਨ ਪ੍ਰੇਸ਼ਾਨ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਕਮਲਜੀਤ ਸੋਹੀ ਨੇ ਦੱਸਿਆ ਕਿ ਧੁਨੀ ਪ੍ਰਦੂਸ਼ਣ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ। ਫੈਕਟਰੀਆਂ ਅਤੇ ਟ੍ਰੈਫਿਕ ਤੋਂ ਨਿਕਲਣ ਵਾਲਾ ਖ਼ਾਸ ਕਰਕੇ ਸ਼ੋਰ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਹੈ।
ਉਨ੍ਹਾਂ ਕਿਹਾ ਕਿ ਧੁਨੀ ਪ੍ਰਦੂਸ਼ਣ ਕਰਕੇ ਨਿੱਤ ਦਿਨ ਲੋਕ ਕੰਨਾਂ ਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਦੋ ਮੁੱਖ ਹਸਪਤਾਲ ਸਿਵਲ ਹਸਪਤਾਲ ਅਤੇ ਸੀਐਮਸੀ ਹਸਪਤਾਲ ਇੰਨੇ ਜ਼ਿਆਦਾ ਭੀੜਭਾੜ ਵਾਲੇ ਇਲਾਕੇ ਦੇ ਵਿੱਚ ਹਨ ਕਿ ਉਥੇ ਹਰ ਸਮੇਂ ਹਾਰਨ ਆਦਿ ਵੱਜਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਧੁਨੀ ਪ੍ਰਦੂਸ਼ਨ ’ਤੇ ਠੱਲ ਪਾਉਣੀ ਬੇਹੱਦ ਮੁਸ਼ਕਿਲ
ਇਸ ਮਾਮਲੇ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜੀਨੀਅਰ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਧੁਨੀ ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ। ਕਿਉਂਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਤਾਂ ਯੰਤਰ ਲਗਾਏ ਜਾ ਸਕਦੇ ਹਨ ਪਰ ਧੁਨੀ ਪ੍ਰਦੂਸ਼ਣ 'ਤੇ ਠੱਲ੍ਹ ਪਾਉਣੀ ਬੇਹੱਦ ਮੁਸ਼ਕਿਲ ਹੈ।
ਇਸ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਖ਼ਤ ਨਿਯਮ ਵੀ ਬਣਾਏ ਗਏ ਹਨ ਖ਼ਾਸ ਕਰਕੇ ਜੋ ਜਨਤਕ ਥਾਵਾਂ ਤੇ ਲਾਊਡ ਸਪੀਕਰ ਵਰਤੇ ਜਾਂਦੇ ਹਨ। ਉਨ੍ਹਾਂ ’ਤੇ ਸਖ਼ਤ ਮਨਾਹੀ ਕੀਤੀ ਗਈ ਹੈ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਧੱਜੀਆਂ ਉਡਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਜੁਰਮਾਨੇ ਅਤੇ ਸਖ਼ਤ ਸਜ਼ਾ ਦਾ ਵੀ ਤਜਵੀਜ਼ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਕਰਤੱਵ ਹੈ ਕਿ ਧੁਨੀ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਕੰਟਰੋਲ ਕੀਤਾ ਜਾਵੇ।