ਲੁਧਿਆਣਾ: ਲੋਕ ਇਨਸਾਫ਼ ਪਾਰਟੀ ਗੁਆਢੀਂ ਸੂਬਿਆਂ ਕੋਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੇ ਜਾਣ ਦੀ ਮੰਗ ਨੂੰ ਲੈ ਕੇ 16 ਨਵੰਬਰ ਦਿਨ ਸੋਮਵਾਰ ਤੋਂ 'ਅਧਿਕਾਰ ਯਾਤਰਾ' ਸ਼ੁਰੂ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਰਟੀ ਨੇ ਇਸ ਸਬੰਧੀ 2016 ਵਿੱਚ 'ਸਾਡਾ ਪਾਣੀ ਸਾਡਾ ਹੱਕ' ਹੇਠ ਮੁਹਿੰਮ ਚਲਾਈ ਸੀ।
ਐਤਵਾਰ ਨੂੰ ਇਥੇ ਗੱਲਬਾਤ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਬੈਂਸ ਨੇ ਕਿਹਾ ਕਿ ਉਹ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਪੰਜਾਬ ਵਿੱਚੋਂ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦੀ ਬਕਾਇਆ ਰਕਮ ਜੋ 16 ਲੱਖ ਕਰੋੜ ਰੁਪਏ ਹੈ, ਤੋਂ ਵਸੂਲੀ ਜਾਵੇ ਜਾਂ ਫਿਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ।
ਵਿਧਾਇਕ ਬੈਂਸ ਨੇ ਕਿਹਾ ਕਿ ਇਹ ਯਾਤਰਾ ਹਰੀਕੇ ਪੱਤਣ ਤੋਂ ਸ਼ੁਰੂ ਕਰਨਗੇ ਅਤੇ 4 ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ 21 ਲੱਖ ਲੋਕਾਂ ਦੇ ਹਸਤਾਖਰ ਕਰਵਾਉਣਗੇ। ਉਪਰੰਤ ਯਾਤਰਾ ਦੇ ਚੰਡੀਗੜ੍ਹ ਪੁੱਜ ਕੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਨੂੰ ਸੌਂਪਣਗੇ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਨੇ ਇਸ ਮੌਕੇ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬਾਰੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇੱਕੋ-ਇੱਕ ਮਨੋਰਥ ਕਿਸਾਨ ਅੰਦੋਲਨ ਨੂੰ ਠੰਢਾ ਕਰਨਾ ਹੈ, ਜਿਸ ਤਹਿਤ ਹੀ ਇਹ ਦੁਬਾਰਾ ਮੀਟਿੰਗ ਸੱਦੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਕਿਸਾਨਾਂ ਨੂੰ ਦੁਬਾਰਾ ਮੀਟਿੰਗ ਸੱਦ ਕੇ ਕੋਈ ਮਸਲਾ ਹੱਲ ਨਹੀਂ ਕੀਤਾ ਅਤੇ ਮੀਟਿੰਗ ਬੇਨਤੀਜਾ ਹੋ ਨਿਬੜੀ।